ਬਰਨਾਲਾ: ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਕਾਰਨ ਪੂਰਾ ਦੇਸ਼ 22 ਮਾਰਚ ਤੋਂ ਲੌਕਡਾਉਨ ਕੀਤਾ ਹੋਇਆ ਹੈ। ਇਸ ਕਰਕੇ ਦੇਸ਼ ਵਿੱਚ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਜਾਣ 'ਤੇ ਪਾਬੰਦੀ ਲੱਗੀ ਹੋਈ ਹੈ। ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਲੌਕਡਾਊਨ ਦਾ ਅਸਰ ਇਸ ਵਾਡੀ ਦੇ ਸੀਜ਼ਨ 'ਤੇ ਸਭ ਤੋਂ ਜ਼ਿਆਦਾ ਪੈ ਰਿਹਾ ਹੈ। ਹਰ ਵਾਰ ਕਣਕ ਦੀ ਵਾਢੀ ਮੌਕੇ ਯੂਪੀ, ਬਿਹਾਰ ਤੋਂ ਵੱਡੇ ਪੱਧਰ 'ਤੇ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਆਉਂਦੇ ਸਨ। ਇਹ ਮਜ਼ਦੂਰ ਕਣਕ ਦੀ ਵਾਢੀ ਤੋਂ ਲੈ ਕੇ ਝੋਨੇ ਦੀ ਲਵਾਈ ਤੱਕ ਪੰਜਾਬ ਵਿੱਚ ਮਜ਼ਦੂਰੀ ਕਰਦੇ ਹਨ। ਪਰ ਇਸ ਵਾਰ ਨਾ-ਮਾਤਰ ਮਜ਼ਦੂਰ ਪੰਜਾਬ ਵਿੱਚ ਆ ਸਕੇ।
ਪ੍ਰਵਾਸੀ ਮਜ਼ਦੂਰਾਂ ਦੇ ਪੰਜਾਬ ਵਿੱਚ ਨਾ ਆਉਣ ਕਾਰਨ ਵਾਢੀ ਦਾ ਕੰਮ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਇਆ ਹੈ। ਕਿਸਾਨਾਂ ਅਤੇ ਆੜ੍ਹਤੀਆਂ ਨੂੰ ਦੇਸੀ ਮਜ਼ਦੂਰਾਂ ਨਾਲ ਕੰਮ ਕਰਵਾਉਣਾ ਪੈ ਰਿਹਾ ਹੈ। ਦੇਸੀ ਮਜ਼ਦੂਰ ਕਾਫੀ ਮਹਿੰਗੇ ਪੈ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਹਰ ਸਾਲ ਯੂਪੀ ਤੋਂ ਪ੍ਰਵਾਸੀ ਮਜ਼ਦੂਰ ਬਾਡੀ ਮੌਕੇ ਆਉਂਦੇ ਸਨ। ਪਰ ਇਸ ਵਾਰ ਕੋਰੋਨਾ ਕਰਫਿਊ ਕਰਕੇ ਪ੍ਰਵਾਸੀ ਮਜ਼ਦੂਰ ਨਹੀਂ ਆ ਸਕੇ।
ਇਸ ਦਾ ਅਸਰ ਇਹ ਹੋਇਆ ਕਿ ਉਨ੍ਹਾਂ ਨੂੰ ਹੱਥੀਂ ਵਾਢੀ ਕਰਵਾਉਣ ਦੀ ਥਾਂ 'ਤੇ ਇਸ ਵਾਰ ਕੰਬਾਈਨ ਮਸ਼ੀਨਾਂ ਨਾਲ ਕਣਕ ਦੀ ਵਾਢੀ ਕਰਵਾਉਣੀ ਪੈ ਰਹੀ ਹੈ। ਤੂੜੀ ਵੀ ਰੀਪਰਾਂ ਦੀ ਮਦਦ ਨਾਲ ਬਣਵਾਉਣੀ ਪੈ ਰਹੀ ਹੈ। ਤੂੜੀ ਦੀ ਸਾਂਭ ਸੰਭਾਲ ਲਈ ਦੇਸ਼ੀ ਮਜ਼ਦੂਰਾਂ ਤੇ ਨਿਰਭਰ ਰਹਿਣਾ ਪੈ ਰਿਹਾ ਹੈ, ਜੋ ਮਜ਼ਦੂਰ ਪ੍ਰਵਾਸੀ ਮਜ਼ਦੂਰਾਂ ਦੇ ਮੁਕਾਬਲੇ ਕਾਫੀ ਮਹਿੰਗੇ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਝੋਨੇ ਦੀ ਲਵਾਈ ਵੀ ਉਨ੍ਹਾਂ ਨੂੰ ਕਾਫੀ ਸਮੱਸਿਆ ਖੜ੍ਹੀ ਕਰੇਗੀ ਅਤੇ ਝੋਨਾ ਪੰਜਾਬ ਦੇ ਮਜ਼ਦੂਰਾਂ ਤੋਂ ਹੀ ਲਗਾਉਣਾ ਪਵੇਗਾ ਜੋ ਉਨ੍ਹਾਂ ਨੂੰ ਕਾਫ਼ੀ ਮਹਿੰਗਾ ਹੋਵੇਗਾ।
ਰੀਪਰ ਮਾਲਕ ਚਮਕੌਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਰੀਪਰ ਮਸ਼ੀਨ ਨਾਲ ਤੂੜੀ ਬਣਾਉਣ ਦਾ ਕੰਮ ਕਰਦੇ ਹਨ। ਹਰ ਸਾਲ ਉਨ੍ਹਾਂ ਯੂਪੀ ਤੋਂ ਲੇਬਰ ਕੰਮ ਕਰਨ ਲਈ ਆਉਂਦੀ ਸੀ। ਪ੍ਰਵਾਸੀ ਮਜ਼ਦੂਰਾਂ ਤੋਂ ਤੂੜੀ ਦੀ ਸਾਂਭ ਸੰਭਾਲ ਦਾ ਕੰਮ ਕਰਵਾਇਆ ਜਾਂਦਾ ਸੀ। ਪਰ ਇਸ ਵਾਰ ਲੋਕਡਾਊਨ ਹੋਣ ਕਾਰਨ ਪਰਵਾਸੀ ਮਜ਼ਦੂਰ ਨਹੀਂ ਆ ਸਕੇ ਅਤੇ ਦੇਸੀ ਮਜ਼ਦੂਰ ਬੜੀ ਮੁਸ਼ਕਿਲ ਨਾਲ ਮਿਲੇ ਹਨ, ਜੋ ਕਾਫੀ ਮਹਿੰਗੇ ਪਾਇਆ ਰਹੇ ਹਨ।
ਦੂਜੇ ਪਾਸੇ ਸਰਕਾਰ ਅਤੇ ਆੜ੍ਹਤੀਆਂ ਵਿੱਚ ਹੋਈ ਗੱਲਬਾਤ ਤੋਂ ਬਾਅਦ ਹੁਣ ਪੰਜਾਬ ਦੀਆਂ ਮੰਡੀਆਂ ਵਿੱਚ ਰੌਣਕ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਮੰਡੀ ਵਿੱਚ ਖਰੀਦ ਏਜੰਸੀਆਂ ਵੱਲੋਂ ਆਏ ਪਨਗ੍ਰੇਨ ਦੇ ਇੰਸਪੈਕਟਰ ਵਿਪਨ ਕੁਮਾਰ ਨੇ ਦੱਸਿਆ ਕਿ ਮੰਡੀ ਵਿੱਚ ਕਣਕ ਆਉਣੀ ਸ਼ੁਰੂ ਹੋ ਗਈ ਹੈ ਹਾਲਾਂਕਿ ਇਸ ਦੀ ਰਫਤਾਰ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਲੇਬਰ ਦੀ ਹੁਣ ਕੋਈ ਕਮੀ ਨਹੀਂ ਹੈ ਅਤੇ ਲੇਬਰ ਨੂੰ ਹਰ ਸੁਵਿਧਾ ਚਾਹੇ ਉਹ ਮਾਸਕ ਦੀ ਹੋਵੇ ਚਾਹੇ ਉਹ ਪਾਣੀ ਵੀ ਉਨ੍ਹਾਂ ਨੇ ਪ੍ਰਬੰਧ ਕਰ ਲਿਆ ਹੈ।
ਫਿਲਹਾਲ ਮੰਡੀਆਂ ਵਿੱਚ ਜੇ ਪ੍ਰਬੰਧ ਦੀ ਗੱਲ ਕਰੀਏ ਤਾਂ ਮਾਸਕ ਤਾਂ ਇੱਕ ਦੋ ਲੇਬਰ ਦੇ ਹੀ ਲੱਗੇ ਹੋਏ ਨਜ਼ਰ ਆਏ ਪਰ ਦੂਸਰੇ ਪਾਸੇ ਲੇਬਰ ਵੱਲੋਂ ਬਣਾਈ ਗਈ ਆਪਸੀ ਦੂਰੀ ਅਤੇ ਮੂੰਹ 'ਤੇ ਬੰਨ੍ਹੇ ਹੋਏ ਗ਼ਮਸੇ ਇਸ ਗੱਲ ਦਾ ਸਬੂਤ ਸਨ ਕਿ ਖ਼ੁਦ ਲੇਬਰ ਵੀ ਹੁਣ ਕੰਮ ਤਾਂ ਕਰਨਾ ਚਾਹੁੰਦੀ ਹੈ ਪਰ ਕਿਸੇ ਤਰੀਕੇ ਦਾ ਰਿਸਕ ਨਹੀਂ ਲੈਣਾ ਚਾਹੁੰਦੀ।