ਜਲੰਧਰ:ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੜ੍ਹਦੇ ਸਾਲ ਤਿੰਨ ਜਨਵਰੀ ਤੋਂ 15-18 ਸਾਲ ਦੇ ਬੱਚਿਆਂ ਨੂੰ ਕੋਵਿਡ ਟੀਕਾਕਰਨ (Covid vaccination) ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਐਲਾਨ ਤੋਂ ਬਾਅਦ ਹੁਣ ਸਰਕਾਰਾਂ ਅਤੇ ਪ੍ਰਸ਼ਾਸਨ ਇਸ ਦੇ ਹੋਮਵਰਕ 'ਚ ਜੁਟ ਗਈਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਟੀਕਾ ਲਗਾਉਣਾ ਚਾਹੀਦਾ ਹੈ।
'ਕਿਉਂ ਲਗਵਾਉਣਾ ਜ਼ਰੂਰੀ ਹੈ ਇਹ ਟੀਕਾ'
ਜਲੰਧਰ ਦੇ ਚਾਈਲਡ ਸਪੈਸ਼ਲਿਸਟ ਡਾ. ਜਤਿੰਦਰ ਸਿੰਘ ਮੁਤਾਬਕ ਛੋਟੇ ਬੱਚਿਆਂ ਵਿੱਚ ਪੰਜ ਸਾਲ ਤੱਕ ਦੇ ਬੱਚਿਆਂ ਵਿੱਚ ਕੋਰੋਨਾ ਦੇ ਲੱਛਣ ਸਿਰਫ 2 ਪਰਸੈਂਟ ਪਾਏ ਗਏ ਜਦਕਿ ਪੰਜ ਸਾਲ ਤੋਂ ਲੈ ਕੇ 9 ਸਾਲ ਤਕ ਇਸ ਦੀ ਫੀਸਦੀ 7 ਰਹੀ ਹੈ ਜਦਕਿ 15 ਸਾਲ ਤੋਂ ਵੱਡੇ ਬੱਚਿਆਂ ਵਿੱਚ ਇਸ ਦੇ ਲੱਛਣ ਕਰੀਬ 20 ਫੀਸਦੀ ਪਾਏ ਗਏ। ਬੱਚਿਆ ਦੇ ਟੀਕਾਕਰਨ ਨਾਲ ਕੋਰੋਨਾ ਦਾ ਖਤਰਾ ਘੱਟੇਗਾ।
'ਵੈਕਸੀਨ ਦੇ ਨੁਕਸਾਨ ਘੱਟ ਤੇ ਫ਼ਾਇਦੇ ਜਿਆਦਾ'
ਵੈਕਸੀਨੇਸ਼ਨ ਤੋਂ ਬਾਅਦ ਸਰੀਰ ਦਾ ਟੁੱਟਣਾ ਅਤੇ ਬੁਖਾਰ ਵਰਗੀ ਸਮੱਸਿਆ ਹੁੰਦੀ ਹੈ ਪਰ ਇਸ ਬਾਰੇ ਡਾ. ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਬਹੁਤ ਮਾਈਨਰ ਸਮੱਸਿਆਵਾਂ ਹਨ, ਜੋ ਆਮ ਤੌਰ ਤੇ ਹਰੇਕ ਨੂੰ ਹੁੰਦੀ ਹੈ। ਇਸ ਦੇ ਬਾਵਜੂਦ ਇਹ ਟੀਕਾਕਰਨ ਹਰੇਕ ਲਈ ਬਹੁਤ ਫ਼ਾਇਦੇਮੰਦ ਹੈ। ਉਨ੍ਹਾਂ ਮੁਤਾਬਕ ਇਸ ਟੀਕਾਕਰਨ ਤੋਂ ਬਾਅਦ ਹਰ ਬੱਚਾ ਕੋਰੋਨਾ ਤੋਂ ਬਚ ਜਾਵੇਗਾ।
'ਮਾਪਿਆਂ ਦਾ ਵੈਕਸੀਨੇਸ਼ਨ ਬਾਰੇ ਵਿਚਾਰ'
ਤਿੰਨ ਜਨਵਰੀ ਤੋਂ ਬੱਚਿਆਂ ਲਈ ਕੋਵਿਡ ਟੀਕਾਕਰਨ ਬਾਰੇ ਖ਼ੁਦ ਬੱਚਿਆਂ ਦੇ ਮਾਪੇ ਵੀ ਇਸ ਗੱਲ ਨੂੰ ਮੰਨਦੇ ਨੇ ਕਿ ਬੱਚਿਆਂ ਵਿੱਚ ਇਹ ਟੀਕਾਕਰਣ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਪਹਿਲੇ ਹੀ ਇਸ ਟੀਕਾਕਰਨ ਤੋਂ ਬਿਨਾਂ ਕਵਿਡ ਦੇ ਚੱਲਦੇ ਬੱਚਿਆਂ ਦੀ ਦੋ ਸਾਲ ਪੜ੍ਹਾਈ ਸਹੀ ਤਰੀਕੇ ਨਾਲ ਨਹੀਂ ਹੋ ਸਕੀ। ਜਲੰਧਰ ਵਿੱਚ ਖ਼ੁਦ ਬੱਚਿਆਂ ਦੇ ਮਾਪੇ ਅਤੇ ਪਰਿਵਾਰਕ ਮੈਂਬਰ ਲੋਕਾਂ ਨੂੰ ਇਹ ਕਹਿ ਰਹੇ ਨੇ ਕਿ ਬੱਚਿਆਂ ਨੂੰ ਇਹ ਟੀਕਾਕਰਣ ਜ਼ਰੂਰ ਕਰਵਾਇਆ ਜਾਵੇ ਤਾਂ ਕਿ ਉਹ ਆਪਣੇ ਸਕੂਲ ਜਾ ਕੇ ਆਪਣੀ ਪੜ੍ਹਾਈ ਪੂਰੀ ਕਰ ਸਕਣ।