ਜਲੰਧਰ: ਵੀਕੈਂਡ ਲੌਕਡਾਊਨ 'ਚ ਪੁਲਿਸ ਦੀ ਗਸ਼ਤ ਦੇ ਦੌਰਾਨ ਵੀ ਲਗਾਤਾਰ ਅਪਰਾਧਕ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਸ਼ਹਿਰ ਦੇ ਮਿਲਾਪ ਚੌਂਕ ਨੇੜੇ ਸਥਿਤ ਸ਼ਾਸਤਰੀ ਨਗਰ ਵਿਖੇ ਇੱਕ ਘਰ 'ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਦੇਰ ਰਾਤ ਚੋਰਾਂ ਨੇ ਪਰਿਵਾਰ ਦੀ ਮੌਜੂਦਗੀ ਹੋਣ ਦੇ ਬਾਵਜੂਦ ਇੱਕ ਘਰ 'ਚ ਲੁੱਟ ਕੀਤੀ।
ਪੀੜਤ ਪਰਿਵਾਰ ਦੇ ਮੁੱਖੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਦੇ ਸਮੇਂ ਪਰਿਵਾਰ ਨਾਲ ਘਰ 'ਚ ਹੀ ਸੁੱਤੇ ਪਏ ਸੀ। ਸਵੇਰ ਦੇ ਸਮੇਂ ਕੰਮ ਕਰਨ ਵਾਲੀ ਮਹਿਲਾ ਦੇ ਆਉਂਣ ਮਗਰੋਂ, ਜਦ ਉਹ ਸਫਾਈ ਲਈ ਕਮਰੇ 'ਚ ਗਈ ਤਾਂ ਉਸ ਤੋਂ ਘਰ 'ਚ ਚੋਰੀ ਹੋਣ ਬਾਰੇ ਪਤਾ ਲਗਾ। ਉਨ੍ਹਾਂ ਵੇਖਿਆ ਕਿ ਘਰ ਦੀਆਂ ਅਲਮਾਰੀਆਂ ਦੇ ਲਾਕਰ ਟੁੱਟੇ ਹੋਏ ਸਨ ਤੇ ਸਮਾਨ ਬਿਖਰਿਆ ਪਿਆ ਸੀ। ਰਵਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਲਗਾ ਕਿ ਚੋਰੀ ਕਦੋਂ ਹੋਈ। ਚੋਰ ਉਨ੍ਹਾਂ ਦੇ ਘਰ ਤੋਂ 70-80 ਹਜ਼ਾਰ ਰੁਪਏ, ਕੁੱਝ ਸੋਨੇ ਅਤੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਸ਼ਨੀਵਾਰ ਰਾਤ ਨੂੰ ਵੀ ਮੁਹੱਲੇ ਦੇ ਇੱਕ ਘਰ 'ਚ ਚੋਰੀ ਹੋਈ ਸੀ ਤੇ ਐਤਵਾਰ ਨੂੰ ਉਨ੍ਹਾਂ ਦੇ ਘਰ ਚੋਰੀ ਦੀ ਘਟਨਾ ਵਾਪਰੀ ਹੈ। ਇਸ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।
ਸੂਚਨਾ ਤੋਂ ਬਾਅਦ ਮੌਕੇ 'ਤੇ ਜਾਂਚ ਲਈ ਪੁੱਜੇ ਏਐਸਆਈ ਸੁਰਿੰਦਰ ਪਾਲ ਨੇ ਦੱਸਿਆ ਕਿ ਚੋਰਾਂ ਨੇ ਇਸ ਘਟਨਾ ਨੂੰ ਰਾਤ ਦੇ ਸਮੇਂ ਅੰਜਾਮ ਦਿੱਤਾ। ਉਨ੍ਹਾਂ ਨੇ ਪੀੜਤ ਪਰਿਵਾਰ ਤੋਂ ਚੋਰੀ ਹੋਏ ਸਮਾਨਾਂ ਦਾ ਵੇਰਵਾ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਫੁੱਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।