ਜਲੰਧਰ: ਸੂਬੇ ਅੰਦਰ ਚੋਰਾਂ ਦੇ ਹੌਸਲੇ ਕੁਝ ਇਸ ਤਰ੍ਹਾਂ ਬੁਲੰਦ ਹਨ ਕਿ ਉਹ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਲੰਧਰ ਰਾਮਾ ਮੰਡੀ ਸਥਿਤ ਇੱਕ ਇਲੈਕਟ੍ਰਾਨਿਕਸ ਦੀ ਦੁਕਾਨ ਵਿੱਚ ਚੋਰ ਵਲੋਂ ਹੱਥ ਸਾਫ ਕੀਤਾ ਗਿਆ ਹੈ। ਇਸ ਵਾਰਦਾਤ ਦੀਆਂ ਤਸਵੀਰਾਂ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਵੀ ਕੈਦ ਹੋ ਗਈਆਂ ਹਨ।
ਚੋਰਾਂ ਦੇ ਹੌਸਲੇ ਕਿਸ ਤਰ੍ਹਾਂ ਬੁਲੰਦ ਹਨ ਇਸ ਦੀ ਗਵਾਹੀ ਇਹ ਤਸਵੀਰਾਂ ਭਰਦੀਆਂ ਹਨ। ਦੁਕਾਨ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋਈਆਂ ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕੇ ਕਿਸ ਤਰ੍ਹਾਂ ਚੋਰ ਦੁਕਾਨ ਵਿੱਚ ਬੇਖੌਫ ਹੋ ਕੇ ਘੁੰਮ ਫਿਰ ਰਿਹਾ ਹੈ। ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਸੁਧੀਰ ਸ਼ਾਰਦਾ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੀ ਦੁਕਾਨ ਬੰਦ ਕਰਕੇ ਗਏ ਸਨ। ਪਰ ਜਦੋਂ ਉਹ ਸਵੇਰੇ ਦੁਕਾਨ 'ਤੇ ਆਏ ਤਾਂ ਦੁਕਾਨ 'ਚੋਂ ਨਕਦੀ ਸਮੇਤ ਕੁਝ ਸਮਾਨ ਗਾਇਬ ਸੀ।
ਉਨ੍ਹਾਂ ਦੱਸਿਆ ਕਿ ਚੋਰੀ ਦੀ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਸੀ। ਜਿਸ 'ਤੇ ਪੁਲਿਸ ਨੇ ਕਾਰਵਾਈ ਅਰੰਭ ਕਰ ਦਿੱਤੀ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਜਾਣਕਾਰੀ ਮਿਲਣ 'ਤੇ ਪੁਲਿਸ ਪਾਰਟੀ ਮੌਕੇ-ਏ-ਵਾਰਦਾਤ 'ਤੇ ਪਹੁੰਚ ਗਈ ਸੀ ਅਤੇ ਤੱਥਾਂ ਨੂੰ ਇੱਕਠੇ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਦੁਕਾਨ ਦੇ ਮਾਲਕ ਵਲੋਂ ਹਾਲੇ ਕੋਈ ਲਿਖਤੀ ਸ਼ਕਾਇਤ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਬਾਕੀ ਦੀ ਕਾਰਵਾਈ ਸ਼ਕਾਇਤ ਦੇ ਹਿਸਾਬ ਨਾਲ ਅਮਲ ਵਿੱਚ ਲਿਆਂਦੀ ਜਾਵੇਗੀ।