ਜਲੰਧਰ: ਅਗਨੀਪਥ ਯੋਜਨਾ ਦੇ ਵਿਰੋਧ ਵਿੱਚ ਭਾਰਤ ਬੰਦ ਨੂੰ ਲੈ ਕੇ ਪੰਜਾਬ ਵਿੱਚ ਭਾਰੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਇਸੇ ਦੇ ਚੱਲਦੇ ਜਲੰਧਰ ਵਿਖੇ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ ਹੁਣ ਤੱਕ ਬੰਦ ਦਾ ਕੋਈ ਖਾਸ ਅਸਰ ਨਜ਼ਰ ਨਹੀਂ ਆ ਰਿਹਾ ਹੈ ਅਤੇ ਜਨਜੀਵਨ ਬਿਲਕੁੱਲ ਆਮ ਦੀ ਤਰ੍ਹਾਂ ਚੱਲ ਰਿਹਾ ਹੈ।
ਦੱਸ ਦਈਏ ਕਿ ਜਲੰਧਰ ਛਾਉਣੀ ਦੇ ਰੇਲਵੇ ਸਟੇਸ਼ਨ ਤੇ ਵੀ ਕੁਝ ਅਜਿਹਾ ਹੀ ਮਾਹੌਲ ਦੇਖਣ ਨੂੰ ਮਿਲਿਆ ਜਿੱਥੇ ਬੰਦ ਨੂੰ ਲੈ ਕੇ ਪੁਲਿਸ ਵੱਲੋਂ ਭਾਰੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਸਟੇਸ਼ਨ ’ਤੇ ਜੀਆਰਪੀਐਫ, ਆਰਪੀਐਫ ਅਤੇ ਲੋਕਲ ਪੁਲਿਸ ਸਮੇਤ ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ ਦੀ ਵੀ ਤੈਨਾਤੀ ਕੀਤੀ ਗਈ ਹੈ, ਹਾਲਾਂਕਿ ਰੇਲਵੇ ਸਟੇਸ਼ਨ ’ਤੇ ਰੋਜ਼ਾਨਾ ਦੀ ਤਰ੍ਹਾਂ ਟਰੇਨਾਂ ਅਤੇ ਯਾਤਰੀਆਂ ਦਾ ਆਉਣਾ ਜਾਣਾ ਜਾਰੀ ਹੈ।
ਫਿਲਹਾਲ ਕਿਸੇ ਵੀ ਤਰ੍ਹਾਂ ਦਾ ਬੰਦ ਇੱਥੇ ਨਜ਼ਰ ਨਹੀਂ ਆ ਰਿਹਾ। ਦੂਜੇ ਪਾਸੇ ਯਾਤਰੀਆਂ ਦਾ ਕਹਿਣਾ ਹੈ ਕਿ ਬੰਦ ਦਾ ਸੱਦਾ ਦੇਣ ਵਾਲੇ ਲੋਕਾਂ ਨੂੰ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਨਹੀਂ ਕਰਨਾ ਚਾਹੀਦਾ। ਜਦਕਿ ਕੁਝ ਲੋਕ ਤਾਂ ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੂੰ ਸਹੀ ਠਹਿਰਾ ਰਹੇ ਸੀ।
ਜੇਕਰ ਹੁਣ ਤੱਕ ਦੇ ਹਾਲਾਤ ਦੀ ਗੱਲ ਕਰੀਏ ਤਾਂ ਜਲੰਧਰ ਵਿਚ ਹਾਲਾਤ ਪੂਰੀ ਤਰ੍ਹਾਂ ਸ਼ਾਂਤੀਪੂਰਨ ਬਣੇ ਹੋਏ ਹਨ, ਪਰ ਬਾਵਜੂਦ ਇਸਦੇ ਪੁਲਿਸ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਵੀ ਪੜੋ: ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਵੱਲੋਂ ਦਫ਼ਤਰ ’ਚ ਖੁਦਕੁਸ਼ੀ, ਵੀਡੀਓ ਬਣਾ ਮੌਤ ਦਾ ਦੱਸਿਆ ਕਾਰਨ