ਜਲੰਧਰ: ਸ਼ਹਿਰ ਜਲੰਧਰ ਜੋ ਦੇਸ਼ ਦੇ ਸਭ ਤੋਂ ਵੱਡੇ ਸਪੋਰਟਸ ਹੱਬ ਵਜੋਂ ਜਾਣਿਆ ਜਾਂਦਾ ਹੈ। ਇੱਥੋਂ ਦੇ ਖੇਡ ਕਾਰੋਬਾਰੀਆਂ ਨੇ ਭਾਰਤੀ ਕ੍ਰਿਕਟ ਟੀਮ ਦੇ ਕਈ ਖਿਡਾਰੀਆਂ ਲਈ ਬੈਟ ਤਿਆਰ ਕਰ ਉਨ੍ਹਾਂ ਦੇ ਖੇਡ 'ਚ ਵੱਡਾ ਹਿੱਸਾ ਪਾਇਆ ਹੈ। ਇੱਥੇ ਬਣੇ ਬੈਟਸ ਨੂੰ ਪਸੰਦ ਕਰਨ ਵਾਲੇ ਇੱਕ ਭਾਰਤੀ ਕ੍ਰਿਕਟ ਖਿਡਾਰੀਆਂ ਚੋਂ ਇੱਕ ਮਹਿੰਦਰ ਸਿੰਘ ਧੋਨੀ ਵੀ ਹਨ। ਇਥੋਂ ਦੀ ਬੀਟ ਆਲ ਸਪੋਰਟਸ ਨਾਂਅ ਦੀ ਕੰਪਨੀ ਦੇ ਮਾਲਕ ਸ਼ਾਮਿਲ ਕੋਹਲੀ ਪਿਛਲੇ 35 ਸਾਲਾਂ ਤੋਂ ਲਗਾਤਾਰ ਭਾਰਤੀ ਟੀਮ ਲਈ ਬੈਟ ਅਤੇ ਕ੍ਰਿਕਟ ਕਿੱਟਸ ਤਿਆਰ ਕਰਦੇ ਹਨ।
ਧੋਨੀ ਦੀਆਂ ਜਲੰਧਰ ਸ਼ਹਿਰ ਨਾਲ ਜੁੜੀਆਂ ਯਾਦਾਂ
ਕਈ ਭਾਰਤੀ ਅਤੇ ਵਿਦੇਸ਼ੀ ਕ੍ਰਿਕਟਰਾਂ ਵਾਂਗ ਮਹਿੰਦਰ ਸਿੰਘ ਧੋਨੀ ਦੀਆਂ ਵੀ ਜਲੰਧਰ ਸ਼ਹਿਰ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਸ਼ਹਿਰ 'ਚ ਧੋਨੀ ਨਾਲ ਜੁੜੇ ਬਹੁਤੇ ਲੋਕ ਤੇ ਉਨ੍ਹਾਂ ਦੇ ਫੈਨਜ਼ ਹੈਰਾਨ ਹਨ। ਮਹਿੰਦਰ ਸਿੰਘ ਧੋਨੀ ਨੇ ਆਪਣੇ ਕ੍ਰਿਕਟ ਕਰੀਅਰ 'ਚ ਹਮੇਸ਼ਾ ਜਿਨ੍ਹਾਂ ਬੱਲਿਆਂ ਨਾਲ ਕ੍ਰਿਕਟ ਖੇਡਿਆਂ ਉਹ ਬਣਾਉਣ ਵਾਲੇ ਜਲੰਧਰ ਦੇ ਬੀਟ ਆਲ ਸਪੋਰਟਸ ਕੰਪਨੀ ਦੇ ਖੇਡ ਕਾਰੋਬਾਰੀ ਧੋਨੀ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਐਲਾਨ ਤੋਂ ਨਾਰਾਜ਼ ਹਨ।
ਜਲੰਧਰ 'ਚ ਬਣੇ ਬੈਟ ਨਾਲ ਹੀ ਖੇਡਦੇ ਹਨ ਧੋਨੀ
ਵਪਾਰੀ ਸ਼ਾਮਿਲ ਕੋਹਲੀ ਨੇ ਮਹਿੰਦਰ ਸਿੰਘ ਧੋਨੀ ਨਾਲ ਜੁੜੀਆਂ ਆਪਣੀ ਕਈ ਯਾਦਾਂ ਈਟੀਵੀ ਭਾਰਤ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਧੋਨੀ ਜਿਨ੍ਹਾਂ ਬੱਲਿਆਂ ਨਾਲ ਕ੍ਰਿਕਟ ਮੈਚ ਖੇਡਦੇ ਹਨ ਉਹ ਸਾਰੇ ਬੈਟ ਜਲੰਧਰ ਤੋਂ ਉਨ੍ਹਾਂ ਦੀ ਫੈਕਟਰੀ ਤੋਂ ਬਣ ਕੇ ਜਾਂਦੇ ਸਨ। ਉਨ੍ਹਾਂ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਪਿਛਲੇ 35 ਸਾਲਾਂ ਤੋਂ ਭਾਰਤੀ ਕ੍ਰਿਕਟ ਟੀਮ ਲਈ ਬੈਟ ਤੇ ਕਿੱਟਸ ਬਣਾਉਂਦੇ ਹਨ। ਬਹੁਤ ਸਾਰੇ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਉਨ੍ਹਾਂ ਦੇ ਬਣਾਏ ਬੈਟਸ ਨਾਲ ਖੇਡਣਾ ਪਸੰਦ ਕਰਦੇ ਹਨ। ਹੁਣ ਤੱਕ ਉਹ ਕਈ ਕ੍ਰਿਕਟ ਖਿਡਾਰੀਆਂ ਨਾਲ ਮਿਲ ਚੁੱਕੇ ਹਨ, ਪਰ ਮਹਿੰਦਰ ਸਿੰਘ ਧੋਨੀ ਵਰਗਾ ਸ਼ਾਂਤ ਸੁਭਾਅ ਅਤੇ ਜ਼ਮੀਨ ਨਾਲ ਜੁੜਿਆ ਸ਼ਖਸ ਹੋਰ ਕੋਈ ਨਹੀਂ ਹੋ ਸਕਦਾ। ਉਨ੍ਹਾਂ ਦੱਸਿਆ ਕਿ ਮਹਿੰਦਰ ਸਿੰਘ ਧੋਨੀ ਉਨ੍ਹਾਂ ਦੇ ਘਰ 'ਚ ਵੀ ਆ ਚੁੱਕੇ ਹਨ। ਉਨ੍ਹਾਂ ਇਸ ਸਬੰਧੀ ਆਪਣੀਆਂ ਕਈ ਯਾਦਾਂ ਤਸਵੀਰਾਂ ਰਾਹੀਂ ਸਾਂਝੀਆਂ ਕੀਤੀਆਂ।
1998 ਵਿੱਚ ਧੋਨੀ ਨੂੰ ਭੇਜੀ ਸੀ ਪਹਿਲੀ ਕ੍ਰਿਕਟ ਕਿੱਟ
ਸ਼ਾਮਿਲ ਕੋਹਲੀ ਨੇ ਦੱਸਿਆ ਕਿ ਸਾਲ 1998 ਵਿੱਚ ਉਨ੍ਹਾਂ ਨੇ ਧੋਨੀ ਨੂੰ ਸਭ ਤੋਂ ਪਹਿਲਾਂ ਕ੍ਰਿਕਟ ਕਿੱਟ ਰਾਂਚੀ ਭੇਜੀ ਸੀ ਅਤੇ ਅੱਜ 22 ਸਾਲ ਦਾ ਸਮਾਂ ਬੀਤ ਜਾਣ ਮਗਰੋਂ ਵੀ ਧੋਨੀ ਉਨ੍ਹਾਂ ਦੇ ਬੈਟਸ ਨਾਲ ਖੇਡਦੇ ਹਨ। ਇਥੋਂ ਤੱਕ ਕਿ ਧੋਨੀ ਨੇ ਕਈ ਮੈਚਾਂ 'ਚ ਆਪਣੇ ਹੈਲੀਕਾਪਟਰ ਸ਼ਾਟਸ ਲਈ ਉਨ੍ਹਾਂ ਵੱਲੋਂ ਤਿਆਰ ਕੀਤੇ ਬੈਟਸ ਦੀ ਵਰਤੋਂ ਕੀਤੀ ਹੈ। ਉਹ ਧੋਨੀ ਨਾਲ ਇੱਕ ਵਖ਼ਰੇ ਤੇ ਖ਼ਾਸ ਰਿਸ਼ਤੇ ਦਾ ਅਨੁਭਵ ਕਰਦੇ ਹਨ। ਅਚਾਨਕ ਧੋਨੀ ਵੱਲੋਂ ਸੰਨਿਆਸ ਲੈਣ ਦੀ ਖ਼ਬਰ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਕਿਹਾ ਜਿਵੇਂ ਹੀ ਅੰਤਰ ਰਾਸ਼ਟਰੀ ਮੈਚ ਸ਼ੁਰੂ ਹੁੰਦੇ ਸਨ ਤਾਂ ਉਹ ਧੋਨੀ ਤੇ ਭਾਰਤੀ ਟੀਮ ਦੇ ਹੋਰਨਾਂ ਖਿਡਾਰੀਆਂ ਲਈ ਬੈਟ ਬਣਾਉਣ ਦੀ ਤਿਆਰੀ 'ਚ ਜੁੱਟ ਜਾਂਦੇ।
ਖੇਡ ਕਾਰੋਬਾਰੀ ਸ਼ਾਮਿਲ ਕੋਹਲੀ ਦਾ ਕਹਿਣਾ ਹੈ ਕਿ ਧੋਨੀ ਕਦੇ ਵੀ ਆਪਣੇ ਸੰਘਰਸ਼ ਵਾਲੇ ਦਿਨਾਂ ਨੂੰ ਨਹੀਂ ਭੁੱਲੇ, ਧੋਨੀ ਨੇ ਹੋਰਨਾਂ ਵੱਡੀ ਕੰਪਨੀ ਦੇ ਐਡ ਆਫਰ ਠੁਕਰਾ ਕੇ ਉਨ੍ਹਾਂ ਦੀ ਕੰਪਨੀ ਦੇ ਬਣੇ ਬੈਟਾਂ ਰਾਹੀਂ ਕਈ ਮੈਚ ਖੇਡੇ। ਜਿਸ ਕਾਰਨ ਉਨ੍ਹਾਂ ਦੇ ਵਪਾਰ 'ਚ ਵਾਧਾ ਹੋਇਆ। ਸ਼ਾਮਿਲ ਕੋਹਲੀ ਨੇ ਕਿਹਾ ਕਿ ਭਾਵੇਂ ਧੋਨੀ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਪਰ ਉਹ ਹਮੇਸ਼ਾ ਹੀ ਭਾਰਤੀ ਕ੍ਰਿਕਟ ਟੀਮ ਦੇ ਚੰਗੇ ਕਪਤਾਨ ਹੋਣ ਦੇ ਨਾਲ-ਨਾਲ ਇੱਕ ਸ਼ਾਂਤਮਈ ਵਿਅਕਤੀ ਦੇ ਤੌਰ 'ਤੇ ਲੋਕਾਂ ਦੇ ਦਿਲਾਂ 'ਚ ਰਾਜ ਕਰਨਗੇ।