ਜਲੰਧਰ: ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਬੀਐਸਐਫ ਨੂੰ 15 ਕਿਲੋਮੀਟਰ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਉਨ੍ਹਾਂ ਦੇ ਅਖ਼ਤਿਆਰ ਨੂੰ ਵਧਾ ਕੇ 50 ਕਿਲੋਮੀਟਰ ਤੱਕ ਕਰ ਦਿੱਤਾ ਗਿਆ ਹੈ। ਜਿਸ ਕਾਰਨ ਆਮ ਲੋਕਾਂ ਅਤੇ ਭਾਜਪਾ ਨੂੰ ਛੱਡ ਕੇ ਬਾਕੀ ਪਾਰਟੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ ਖੁਦ ਪੁਲਿਸ ਚੋਂ ਰਿਟਾਇਰਡ ਅਫਸਰ ਵੀ ਕਹਿੰਦੇ ਹਨ ਕਿ ਇਸ ਫੈਸਲੇ ਨਾਲ ਕੋਈ ਫ਼ਾਇਦਾ ਨਹੀਂ ਹੋਵੇਗਾ ਬਲਕਿ ਨੁਕਸਾਨ ਜਿਆਦਾ ਹੋਵੇਗਾ।
ਰਿਟਾਇਰਡ ਆਈ ਜੀ ਪੁਲਿਸ ਸੁਰਿੰਦਰ ਸਿੰਘ ਸੋਢੀ ਦਾ ਕਹਿਣਾ ਹੈ ਕਿ ਉਹ ਖ਼ੁਦ ਬਤੌਰ ਡੀਆਈਜੀ ਬਾਰਡਰ ਰੇਂਜ ਬਾਰਡਰ ਦੇ ਇਲਾਕਿਆਂ ਵਿਚ ਤਾਇਨਾਤ ਰਹਿ ਚੁੱਕੇ ਹਨ। ਉਨ੍ਹਾਂ ਮੁਤਾਬਕ ਉਨ੍ਹਾਂ ਨੇ ਆਪਣੀ ਅੱਖੀਂ ਉੱਥੇ ਦੇ ਲੋਕਾਂ ਦੇ ਹਾਲਾਤ ਵੇਖੇ ਹਨ। ਬਾਰਡਰ ਦੇ ਨਾਲ ਲਗਦੇ 15 ਕਿਲੋਮੀਟਰ ਦੇ ਇਲਾਕੇ ਵਿੱਚ ਲੋਕ ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਰਹਿ ਰਹੇ ਹਨ, ਕਿਉਂਕਿ ਉਨ੍ਹਾਂ ਇਲਾਕਿਆਂ ਵਿਚ ਕੋਈ ਵੀ ਬਾਹਰੋਂ ਆ ਕੇ ਵਸਣਾ ਨਹੀਂ ਚਾਹੁੰਦਾ ਅਤੇ ਜੇਕਰ ਇਨ੍ਹਾਂ ਇਲਾਕਿਆਂ ਦੇ ਲੋਕ ਆਪਣੀਆਂ ਜ਼ਮੀਨਾਂ ਨੂੰ ਵੇਚ ਕੇ ਬਾਹਰ ਜਾਣਾ ਚਾਹੁੰਦੇ ਹਨ ਤਾਂ ਇਨ੍ਹਾਂ ਇਲਾਕਿਆਂ ਦੀਆਂ ਜ਼ਮੀਨਾਂ ਨੂੰ ਕੋਈ ਖਰੀਦ ਕੇ ਰਾਜ਼ੀ ਨਹੀਂ ਹੈ। ਉੱਥੋਂ ਦੇ ਆਮ ਲੋਕ ਅਤੇ ਉੱਥੋਂ ਦੇ ਕਿਸਾਨ ਮਜਬੂਰੀ ਵਿੱਚ ਇਨ੍ਹਾਂ ਇਲਾਕਿਆਂ ਵਿੱਚ ਰਹਿ ਰਹੇ ਹਨ। ਉਨ੍ਹਾਂ ਮੁਤਾਬਿਕ ਹੁਣ ਜਦੋਂ ਬੀਐਸਐਫ ਨੂੰ 15 ਕਿਲੋਮੀਟਰ ਦੀ ਥਾਂ 50 ਕਿਲੋਮੀਟਰ ਦੇ ਇਲਾਕੇ ਵਿੱਚ ਅਖ਼ਤਿਆਰ ਦੇ ਦਿੱਤੇ ਗਏ ਹਨ ਇਸ ਮਾਲ ਹੁਣ ਇਹ ਸਾਰੀਆਂ ਪਰੇਸ਼ਾਨੀਆਂ 50 ਕਿਲੋਮੀਟਰ ਦੇ ਇਲਾਕੇ ਦੇ ਲੋਕਾਂ ਨੂੰ ਵੀ ਆਉਣ ਵਾਲੀਆਂ ਹਨ, ਕਿਉਂਕਿ ਬੀਐੱਸਐੱਫ਼ ਨੂੰ ਸਿਰਫ਼ ਅਖ਼ਤਿਆਰ ਦੇ ਨਾਲ-ਨਾਲ ਕੁਝ ਇਹੋ ਦੀਆਂ ਪਾਵਰਾਂ ਵੀ ਦੇ ਦਿੱਤੀਆਂ ਗਈਆਂ ਹਨ ਜਿਸ ਕਰਕੇ ਉੱਥੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰਿਟਾਇਰਡ ਆਈ ਜੀ ਪੁਲਿਸ ਸੁਰਿੰਦਰ ਸਿੰਘ ਸੋਢੀ ਦਾ ਕਹਿਣਾ ਹੈ ਕਿ ਇਹ ਕੋਈ ਨਵੀਂ ਗੱਲ ਨਹੀਂ ਕਿ ਪੰਜਾਬ ਵਿੱਚ ਕਈ ਵੱਡੇ ਨੇਤਾਵਾਂ ਦਾ ਨਾਂ ਨਸ਼ਾ ਤਸਕਰੀ ਵਿਚ ਅਤੇ ਪੁਲਿਸ ਦੇ ਅਫ਼ਸਰਾਂ ਤੱਕ ਦੇ ਨਾਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਲਗਦੇ ਰਹੇ ਹਨ। ਸੁਰਿੰਦਰ ਸਿੰਘ ਸੋਢੀ ਦਾ ਕਹਿਣਾ ਹੈ ਕਿ ਪੰਜਾਬ ਵਿਚ ਕਈ ਰਾਜਨੇਤਾਵਾਂ ਦੇ ਨਾਂ ਨਸ਼ਾ ਤਸਕਰੀ ਨਾਲ ਜੁੜਦੇ ਰਹਿੰਦੇ ਹਨ। ਪਰ ਅੱਜ ਤੱਕ ਕਿਸੇ ਨੂੰ ਵੀ ਇਸ ਦੀ ਸਜ਼ਾ ਨਹੀਂ ਮਿਲੀ ਅਤੇ ਕਿਸੇ ਤੇ ਵੀ ਇਸ ਤਰੀਕੇ ਦਾ ਜ਼ੁਰਮ ਸਾਬਤ ਨਹੀਂ ਹੋਇਆ। ਇਸ ਲਈ ਇਸ ਗੱਲ ਨੂੰ ਸੋਚ ਕੇ ਬੀਐੱਸਐੱਫ ਨੂੰ ਅਖ਼ਤਿਆਰ ਦੇਣਾ ਇੱਕ ਗ਼ਲਤ ਕਦਮ ਹੈ।
'ਨਸ਼ਾ ਤਸਕਰਾਂ ਦਾ ਸਾਥ ਦੇਣ ਵਾਲਿਆਂ ਖਿਲਾਫ ਕਾਰਵਾਈ'
ਸੁਰਿੰਦਰ ਸੋਢੀ ਦਾ ਕਹਿਣਾ ਹੈ ਕਿ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਲੋਕਾਂ ਦਾ ਨਾਂ ਨਸ਼ਾ ਤਸਕਰੀ ਅਤੇ ਹਥਿਆਰਾਂ ਦੀ ਤਸਕਰੀ ਵਿਚ ਜੁੜਦਾ ਰਿਹਾ ਹੈ, ਪਰ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਉਨ੍ਹਾਂ ਲੋਕਾਂ ’ਤੇ ਸਖ਼ਤ ਕਾਰਵਾਈ ਵੀ ਕੀਤੀ ਗਈ ਹੈ। ਦੀਨਾਨਗਰ ਅਤੇ ਪਠਾਨਕੋਟ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਅੱਤਵਾਦੀਆਂ ਦਾ ਸਾਥ ਦੇਣ ਵਾਲੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਜਿਸ ਪੁਲਿਸ ਅਫ਼ਸਰ ਦਾ ਨਾਂ ਇਸ ਨਾਲ ਜੁੜਿਆ ਸੀ ਉਹਦੇ ਤੇ ਕਾਰਵਾਈ ਵੀ ਹੋਈ ਹੈ ਤੇ ਉਸ ਨੂੰ ਡਿਸਮਿਸ ਵੀ ਕੀਤਾ ਗਿਆ ਹੈ।
'ਪੀਐੱਮ ਮੋਦੀ ਰਾਵਣ ਦਾ ਅਦਾ ਕਰ ਰਹੇ ਰੋਲ'
ਸੁਰਿੰਦਰ ਸੋਢੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਜੋ ਇਸ ਵੇਲੇ ਹਾਲਾਤ ਹਨ ਉਹਦੇ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਰਾਵਣ ਦਾ ਰੋਲ ਅਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਇਹ ਸਭ ਕੁਝ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰੀਕੇ ਦੀ ਰਾਜਨੀਤੀ ਨਾਲ ਵੋਟਾਂ ਨਹੀਂ ਮਿਲਦੀਆਂ ਬਲਕਿ ਲੋਕ ਪਰੇਸ਼ਾਨ ਹੁੰਦੇ ਹਨ ਅਤੇ ਇਹ ਸਭ ਕੁਝ ਆਪਣੀਆਂ ਪਾਵਰਾਂ ਵਧਾਉਣ ਅਤੇ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਹੀ ਕੀਤਾ ਜਾ ਰਿਹਾ ਹੈ।
'ਬੀਐਸਐਫ ਨਾਲ ਰਹਿੰਦਾ ਹੈ ਪੁਲਿਸ ਦਾ ਪੂਰਾ ਰਾਬਤਾ'
ਰਿਟਾਇਰਡ ਆਈ ਜੀ ਸੁਰਿੰਦਰ ਸੋਢੀ ਦਾ ਕਹਿਣਾ ਹੈ ਕਿ ਚਾਹੇ ਬਾਰਡਰ ਤੇ ਬੀਐਸਐਫ ਤਾਇਨਾਤ ਹੈ ਪਰ ਉਸ ਦੇ ਨਾਲ ਪੁਲਿਸ ਦਾ ਪੂਰਾ ਰਾਬਤਾ ਰਹਿੰਦਾ ਹੈ। ਸਰਹੱਦੀ ਇਲਾਕੇ ਵਿੱਚ ਕਿਤੇ ਵੀ ਜੇਕਰ ਕੋਈ ਹਲਚਲ ਜਾਂ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਬੀਐੱਸਐੱਫ ਪੁਲਿਸ ਨਾਲ ਰਾਬਤਾ ਕਰਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਅਤੇ ਇਸ ਦੇ ਵਿੱਚ ਜੇਕਰ ਪਹਿਲੇ ਕੋਈ ਵਿਅਕਤੀ 15 ਕਿਲੋਮੀਟਰ ਤੋਂ ਬਾਹਰ ਵੀ ਆ ਜਾਂਦਾ ਸੀ ਤਾਂ ਉਹ ਭੱਜ ਨਹੀਂ ਸਕਦਾ ਸੀ।
'ਇਹ ਫੈਸਲਾ ਸੋਚੀ ਸਮਝੀ ਸਾਜਿਸ਼'
ਰਿਟਾਇਰਡ ਆਈ ਜੀ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਫੈਸਲਾ ਸਿਰਫ ਉੱਥੇ ਹੀ ਕਿਉਂ ਕੀਤਾ ਗਿਆ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਾਂ ਕੇਂਦਰ ਸਰਕਾਰ ਵੱਲੋਂ ਬੀਐਸਐਫ ਦੇ ਅਖ਼ਤਿਆਰ ਨੂੰ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰ ਦਿੱਤਾ ਗਿਆ ਹੈ। ਉਧਰ ਦੂਜੇ ਪਾਸੇ ਗੁਜਰਾਤ ਵਿੱਚ ਜਿੱਥੇ ਪਹਿਲੇ ਹੀ ਇਹ 80 ਕਿਲੋਮੀਟਰ ਇਲਾਕਾ ਸੀ ਉਹਨੂੰ ਘਟਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ ਹੈ। ਉਨ੍ਹਾਂ ਮੁਤਾਬਿਕ ਜ਼ਾਹਿਰ ਦੀ ਗੱਲ ਹੈ ਕਿ ਕੇਂਦਰ ਸਰਕਾਰ ਇਹ ਸਭ ਕੁਝ ਸਾਜ਼ਿਸ਼ ਕੰਮ ਕਰ ਰਹੀ ਹੈ।
ਇਹ ਵੀ ਪੜੋ: ਸਿੰਘੂ ਸਰਹੱਦ ’ਤੇ ਕਤਲ ਮਾਮਲਾ: ਨਿਹੰਗ ਸਿੰਘਾਂ ਨੇ ਕਹੀ ਵੱਡੀ ਗੱਲ, ਦੇਖੋ ਵੀਡੀਓ