ਜਲੰਧਰ: ਪੰਜਾਬ ਸਰਕਾਰ ਇਕ ਪਾਸੇ ਜਿੱਥੇ ਰੇਤਾ ਬਜਰੀ ਦੇ ਵਪਾਰ ਉੱਤੇ ਮਾਫੀਆ ਨੂੰ ਖ਼ਤਮ ਕਰਨ ਦੀ ਗੱਲ ਕਰ ਰਹੀ ਹੈ। ਇਹੀ ਨਹੀਂ ਸਰਕਾਰ ਵੱਲੋਂ ਮਾਈਨਿੰਗ ਪਾਲਿਸੀ ਤੱਕ ਬਣਾਉਣ ਦੀ ਗੱਲ ਕੀਤੀ ਗਈ ਹੈ ਪਰ ਇਸਦੀ ਅਸਲੀਅਤ ਇਹ ਹੈ ਕਿ ਪੰਜਾਬ ਵਿੱਚ ਅੱਜ ਤੋਂ ਪੰਜ ਮਹੀਨੇ ਪਹਿਲੇ ਰੇਤਾ ਦੀ ਇੱਕ ਟਰਾਲੀ ਦੀ ਕੀਮਤ ਵਿੱਚ ਵਾਧਾ ਹੋ ਗਿਆ ਹੈ। ਦੱਸ ਦਈਏ ਕਿ ਪੰਜਾਬ ਵਿੱਚ ਪਿਛਲੇ ਪੰਜ ਮਹੀਨੇ ਜਿੱਥੇ ਇੱਕ ਟਰਾਲੀ 2500 ਰੁਪਏ ਦੀ ਮਿਲਦੀ ਸੀ ਪਰ ਅੱਜ ਇਹ ਟਰਾਲੀ ਛੇ ਹਜਾਰ ਰੁਪਏ ਦੀ ਹੋ ਚੁੱਕੀ ਹੈ।
'ਰੇਤ ਬੱਜਰੀ ਘੱਟ ਮਿਲਣ ਕਰਕੇ ਵਿਹਲੇ ਹੋਏ ਵਪਾਰੀ': ਰੇਤਾ ਬਜਰੀ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਕੰਮ ਲਈ ਲੱਖਾਂ ਰੁਪਏ ਦੇ ਟਰਾਲੇ ਟਿੱਪਰ ਲੱਖਾਂ ਰੁਪਏ ਮਹੀਨੇ ਦੀਆਂ ਕਿਸ਼ਤਾਂ ’ਤੇ ਲਏ ਹੋਏ ਹਨ। ਇਸ ਉਮੀਦ ਉੱਪਰ ਟਿੱਪਰ ਅਤੇ ਟਰਾਲੇ ਲਏ ਗਏ ਸੀ ਕਿ 24 ਘੰਟੇ ਰੋਡ ਤੇ ਰਹਿ ਕੇ ਇਨ੍ਹਾਂ ਨਾਲ ਕਾਰੋਬਾਰ ਕੀਤਾ ਜਾਵੇਗਾ ਪਰ ਅੱਜ ਇਸ ਟਰਾਲੇ ਅਤੇ ਟਿੱਪਰ ਟਰਾਂਸਪੋਰਟ ਨਗਰ ਵਿੱਚ ਵੇਲੇ ਖੜ੍ਹੇ ਹੋਏ ਹਨ। ਇਹ ਹਾਲਾਤ ਸਿਰਫ ਜਲੰਧਰ ਦੇ ਹੀ ਨਹੀਂ ਬਲਕਿ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੀ ਹੈ। ਇਨ੍ਹਾਂ ਲੋਕਾਂ ਦੇ ਜ਼ਿਆਦਾਤਰ ਟਿੱਪਰ ਟਰਾਲੇ ਅੱਜ ਖੜ੍ਹੇ ਹੋਏ ਹਨ ਅਤੇ ਇਨ੍ਹਾਂ ਦੀਆਂ ਕਿਸ਼ਤਾਂ ਅਤੇ ਟੈਕਸ ਦੇ ਪੈਸੇ ਲਗਾਤਾਰ ਪੈ ਰਹੇ ਹਨ।
'ਰੇਤ ਨਾ ਮਿਲਣ ਕਰਕੇ ਵਧ ਰਹੇ ਰੇਟ': ਰੇਤਾ ਦੇ ਵਪਾਰੀਆਂ ਮੁਤਾਬਕ ਪੰਜਾਬ ਦੇ ਕਈ ਇਲਾਕਿਆਂ ਵਿੱਚ ਮਾਈਨਿੰਗ ਬੰਦ ਹੋਣ ਕਰਕੇ ਅੱਜ ਰੇਤਾਂ ਦੀ ਸਪਲਾਈ ਬਹੁਤ ਘੱਟ ਗਈ ਹੈ ਜਦਕਿ ਇਸ ਦੀ ਮੰਗ ਉਨ੍ਹੀ ਹੈ ਜਿੰਨੀ ਪਹਿਲਾਂ ਸੀ। ਇਹੀ ਕਾਰਨ ਹੈ ਕਿ ਅੱਜ ਰੇਤਾਂ ਦੀ ਇੱਕ ਟਰਾਲੀ ਦੀ ਕੀਮਤ 6 ਹਜ਼ਾਰ ਰੁਪਏ ਹੋ ਚੁੱਕੀ ਹੈ ਜੋ ਕਰੀਬ ਪੰਜ ਮਹੀਨੇ ਪਹਿਲੇ ਮਹਿਜ਼ 2500 ਰੁਪਏ ਸੀ। ਵਪਾਰੀਆਂ ਮੁਤਾਬਕ ਇਹ ਸਾਰਾ ਭਾਰ ਗਾਹਕਾਂ ’ਤੇ ਪੈ ਰਿਹਾ ਹੈ ਕਿਉਂਕਿ ਅੱਜ ਹਾਲਾਤ ਇਹ ਹੋ ਗਏ ਹਨ ਕਿ ਆਮ ਆਦਮੀ ਲਈ ਘਰ ਬਣਾਉਣਾ ਮੁਸ਼ਕਿਲ ਹੋ ਚੁੱਕਿਆ ਹੈ।
ਰੇਤ ਵਪਾਰੀਆਂ ਮੁਤਾਬਕ ਪੰਜਾਬ ਦੀ ਜ਼ਿਆਦਾਤਰ ਮਾਈਨਿੰਗ ਬੰਦ ਹੋਣ ਕਰਕੇ ਉਨ੍ਹਾਂ ਨੂੰ ਰੇਤਾਂ ਬਾਹਰਲੇ ਸੂਬਿਆਂ ਤੋਂ ਲਿਆਉਣੀ ਪੈ ਰਹੀ ਹੈ ਪਰ ਉਹਦਾ ਵੀ ਨੁਕਸਾਨ ਹੋ ਰਿਹਾ ਹੈ। ਵਪਾਰੀਆਂ ਮੁਤਾਬਿਕ ਪੰਜਾਬ ਵਿੱਚ ਦੂਸਰੇ ਸੂਬਿਆਂ ਤੋਂ ਲਿਆਈ ਜਾ ਰਹੀ ਰੇਤਾ ’ਤੇ 700 ਰੁਪਏ ਸੈਂਕੜੇ ਦੇ ਹਿਸਾਬ ਨਾਲ ਪੰਜਾਬ ਸਰਕਾਰ ਲੈ ਰਹੀ ਹੈ ਜਿਸ ਦਾ ਸਿੱਧਾ ਅਸਰ ਗਾਹਕਾਂ ’ਤੇ ਪੈ ਰਿਹਾ ਹੈ।
'ਲੇਬਰ ਵੀ ਹੋਈ ਪਰੇਸ਼ਾਨ': ਉਧਰ ਇੱਥੇ ਕੰਮ ਕਰਨ ਵਾਲੀ ਲੇਬਰ ਦਾ ਕਹਿਣਾ ਹੈ ਕਿ ਇਸ ਕੰਮ ਤੋਂ ਰੋਜ਼ ਕਰੀਬ 500 ਰੁਪਏ ਕਮਾ ਕੇ ਘਰ ਜਾਂਦੇ ਸੀ ਪਰ ਹੁਣ ਹਾਲਾਤ ਇਹ ਹੋ ਗਏ ਹਨ ਪੰਜ ਪੰਜ ਛੇ ਛੇ ਦਿਨ ਕੰਮ ਨਹੀਂ ਮਿਲਦਾ ਹੈ। ਹਾਲਾਤ ਇਹ ਨੇ ਕਿ ਸਾਰਾ ਦਿਨ ਇੱਥੇ ਵਿਹਲੇ ਬੈਠ ਕੇ ਸ਼ਾਮ ਨੂੰ ਖਾਲੀ ਹੱਥ ਘਰ ਜਾਣਾ ਪੈਂਦਾ ਹੈ। ਉਨ੍ਹਾਂ ਮੁਤਾਬਿਕ ਸਰਕਾਰ ਨੂੰ ਚਾਹੀਦਾ ਹੈ ਮਾਈਨਿੰਗ ਦੇ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਕਿ ਇਸ ਵਪਾਰ ਨਾਲ ਜੁੜੇ ਲੋਕਾਂ ਦਾ ਰੁਜ਼ਗਾਰ ਚਲਦਾ ਰਹੇ।
ਇਹ ਵੀ ਪੜੋ: ਰਾਜੋਆਣਾ ਦੀ ਭੈਣ ਦਾ ਬਿਆਨ ਸੁਪਰੀਮ ਕੋਰਟ ਦੇ ਹੁਕਮਾਂ ਦੀ ਹੋ ਰਹੀ ਉਲੰਘਣਾ, ਕੇਂਦਰ ਵਾਅਦਾ ਕਰਕੇ ਮੁਕਰੀ