ਜਲੰਧਰ : ਸ਼ਹਿਰ 'ਚ ਪੰਜਾਬ ਪੁਲਿਸ ਵੱਲੋਂ ਅਣਗਿਹਲੀ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ। ਜਿੱਥੇ ਇੱਕ ਪਾਸੇ, ਸਰਕਾਰ ਵੱਲੋਂ ਬੋਤਲਾਂ ਅਤੇ ਕੈਨੀਆਂ ਵਿੱਚ ਪੈਟਰੋਲ ਜਾਂ ਡੀਜ਼ਲ ਭਰਾਉਣ ਲਈ ਮਨਾਹੀ ਹੈ, ਉੱਥੇ ਹੀ, ਦੂਜੇ ਪਾਸੇ ਪੰਜਾਬ ਪੁਲਿਸ ਦੀ ਇੱਕ ਗੱਡੀ 'ਚ ਰੱਖੀ ਡੀਜ਼ਲ ਦੀ ਕੈਨੀ ਤੋਂ ਸੜਕ ਉੱਤੇ ਡੀਜ਼ਲ ਰੁੜਨ ਕਾਰਨ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਸਥਾਨਕ ਲੋਕਾਂ ਮੁਤਾਬਕ ਸ਼ਹਿਰ ਦੇ ਕਿਸ਼ਨਪੁਰਾ ਚੌਂਕ ਇਲਾਕੇ ਤੋਂ ਪੰਜਾਬ ਪੁਲਿਸ ਦੀ ਇੱਕ ਗੱਡੀ ਲੰਘ ਰਹੀ ਸੀ। ਉਸ ਗੱਡੀ ਵਿੱਚ ਡੀਜ਼ਲ ਨਾਲ ਭਰੀ ਇੱਕ ਕੈਨੀ ਰੱਖੀ ਹੋਈ ਸੀ। ਕੈਨੀ ਚੰਗੀ ਤਰ੍ਹਾਂ ਬੰਦ ਨਾ ਹੋਣ ਕਾਰਨ ਉਸ 'ਚ ਭਰਿਆ ਡੀਜ਼ਲ ਸੜਕ ਉੱਤੇ ਰੁੜ ਰਿਹਾ ਸੀ। ਇਸ ਦੌਰਾਨ ਉਸ ਗੱਡੀ ਤੋਂ ਬਾਅਦ ਲੰਘਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕ ਤਿੱਲਕ ਗਏ। ਇਸ ਕਾਰਨ ਕਈ ਲੋਕਾਂ ਨੂੰ ਸੱਟਾਂ ਲਗੀਆਂ।
ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਅਣਗਿਹਲੀ ਕਾਰਨ ਕੋਈ ਵੱਡਾ ਸੜਕ ਹਾਦਸਾ ਵੀ ਵਾਪਰ ਸਕਦਾ ਸੀ। ਸੜਕ 'ਤੇ ਕਈ ਵਾਹਨ ਸਵਾਰ ਅਤੇ ਰਾਹਗੀਰ ਤਿੱਲਕ ਕੇ ਡਿੱਗ ਪਏ। ਇਸ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਫਿਸਲਣ ਕਾਰਨ ਲੋਕਾਂ ਨੂੰ ਸੱਟਾਂ ਲੱਗ ਗਈਆਂ। ਇੱਕ ਦੁਕਾਨ 'ਚ ਲੱਗੇ ਸੀਸੀਵੀਟੀ ਕੈਮਰੇ ਵਿੱਚ ਇਹ ਘਟਨਾ ਕੈਦ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਪੁਲਿਸ ਖ਼ੁਦ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਦੀ ਹੈ। ਸਥਾਨਕ ਲੋਕਾਂ ਨੇ ਮਿੱਟੀ ਪਾ ਕੇ ਸੜਕ ਉੱਤੇ ਮੁੜ ਆਵਾਜਾਈ ਸ਼ੁਰੂ ਕਰਵਾਈ।
ਪੁਲਿਸ ਮੁਤਾਬਕ ਗੱਡੀ 'ਚ ਸਵਾਰ ਅਧਿਕਾਰੀਆਂ ਨੂੰ ਕੈਨੀ ਤੋਂ ਡੀਜ਼ਲ ਰੁੜਨ ਬਾਰੇ ਜਾਣਕਾਰੀ ਨਹੀਂ ਸੀ। ਜਦੋਂ ਉਨ੍ਹਾਂ ਨੂੰ ਇਸ ਦਾ ਪਤਾ ਲਗਾ ਤਾਂ, ਉਨ੍ਹਾਂ ਨੇ ਗੱਡੀ ਰੋਕ ਲਈ ਸੀ ਉਦੋਂ ਤੱਕ ਕੈਨੀ ਤੋਂ ਸਾਰਾ ਡੀਜ਼ਲ ਰੁੜ ਚੁੱਕਾ ਸੀ। ਇਸ ਮਾਮਲੇ 'ਚ ਜਦੋਂ ਏ. ਸੀ.ਪੀ ਨਾਰਥ ਜਸਵਿੰਦਰ ਸਿੰਘ ਖੈਰਾ ਨਾਲ ਗੱਲਬਾਤ ਕੀਤੀ ਗਈ ਤਾਂ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੇ ਬਾਰੇ ਕੁਝ ਪਤਾ ਨਹੀਂ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ, ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।