ਜਲੰਧਰ: ਕੋਰੋਨਾ ਵਾਇਰਸ ਕਾਰਨ ਲਾਇਆ ਗਿਆ ਕਰਫਿਊ ਜਿੱਥੇ ਇੱਕ ਪਾਸੇ ਲੋਕਾਂ ਨੂੰ ਸੁਰੱਖਿਅਤ ਰੱਖਣ 'ਚ ਮਦਦਗਾਰ ਸਾਬਿਤ ਹੋ ਰਿਹਾ ਹੈ, ਉੱਥੇ ਹੀ ਕਰਫਿਊ ਕਾਰਨ ਕੁੱਝ ਲੋਕ ਬੇਹਦ ਪਰੇਸ਼ਾਨ ਹੋ ਰਹੇ ਹਨ।
ਕਰਫਿਊ ਦੇ ਦੌਰਾਨ ਜਿੱਥੇ ਲੋਕ ਆਪਣੇ ਘਰਾਂ 'ਚ ਬੈਠਣ ਲਈ ਮਜਬੂਰ ਹਨ ਉੱਥੇ ਹੀ ਦੂਜੇ ਪਾਸੇ ਜਿਨ੍ਹਾਂ ਲੋਕਾਂ ਦੇ ਪਰਿਵਾਰ 'ਚ ਕਿਸੇ ਦੀ ਮੌਤ ਹੋ ਗਈ ਹੈ ਉਹ ਲੋਕ ਸਸਕਾਰ ਤੋਂ ਬਾਅਦ ਮ੍ਰਿਤਕ ਦੀ ਅਸਥੀਆਂ ਨੂੰ ਪ੍ਰਵਾਹਿਤ ਨਾ ਕਰ ਸਕਣ ਕਾਰਨ ਬੇਹਦ ਪਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮ੍ਰਿਤਕ ਦੀ ਅਸਥੀਆਂ ਰੱਖਣ ਲਈ ਸ਼ਮਸ਼ਾਨ ਘਾਟ 'ਚ ਲਾਕਰ ਦੀ ਸੁਵਿਧਾ ਵੀ ਨਹੀਂ ਮਿਲ ਰਹੀ ਕਿਉਂਕਿ ਸਾਰੇ ਹੀ ਲਾਕਰ ਪਹਿਲਾਂ ਤੋਂ ਭਰ ਚੁੱਕੇ ਹਨ।
ਕਰਫਿਊ ਸਮੇਂ 'ਚ ਹੋਈਆਂ ਮੌਤਾਂ ਤੋਂ ਬਾਅਦ ਲੋਕ ਇਨ੍ਹਾਂ ਅਸਥੀਆਂ ਨੂੰ ਪ੍ਰਵਾਹਿਤ ਕਰਨ ਲਈ ਗੋਬਿੰਦਵਾਲ ਸਾਹਿਬ, ਕੀਰਤਪੁਰ ਸਾਹਿਬ ਜਾਂ ਹਰਿਦੁਆਰ ਨਹੀਂ ਜਾ ਪਾ ਰਹੇ, ਜਿਸ ਕਾਰਨ ਸ਼ਮਸ਼ਾਨ ਘਾਟਾਂ ਵਿੱਚ ਲਾਕਰ ਭਰ ਗਏ ਹਨ ਤੇ ਅੰਤਿਮ ਸਸਕਾਰ ਕਰਨ ਵਾਲੀ ਥਾਵਾਂ 'ਤੇ ਵੀ ਅਸਥੀਆਂ ਹੀ ਨਜ਼ਰ ਆ ਰਹੀਆਂ ਹਨ।
ਫਿਲਹਾਲ ਇਹ ਅਸਥੀਆਂ ਵੀ ਆਮ ਲੋਕਾਂ ਵਾਂਗ ਕਰਫਿਊ ਖੁੱਲ੍ਹਣ ਦੀ ਉਡੀਕ ਕਰ ਰਹੀਆਂ ਹਨ ਤਾਂ ਜੋ ਇਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਵਾਹਿਤ ਕੀਤਾ ਜਾ ਸਕੇ।