ਜਲੰਧਰ: ਸ਼ਹਿਰ ਵਿੱਚ ਸਖ਼ਤ ਨਾਕੇ ਲਗਾ ਕੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨੂੰ ਜਾਰੀ ਰੱਖਦਿਆਂ ਕਮਿਸ਼ਨਰੇਟ ਪੁਲਿਸ ਨੇ ਅੱਜ ਗੜ੍ਹਾ ਰੋਡ ਨੇੜੇ ਪਿਮਸ ਹਸਪਤਾਲ ਜਲੰਧਰ ਵਿੱਚ ਮਿਜ਼ੋਰਮ ਨਾਲ ਸਬੰਧਤ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਮਹਿਲਾ ਕੋਲੋ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਮਹਿਲਾ ਦੀ ਪਛਾਣ ਲਾਲਰੀਮਾਵੀ (19) ਮੂਲ ਵਾਸੀ ਐਜਵਲ ਅਤੇ ਹਾਲ ਵਾਸੀ ਦਿੱਲੀ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਏ.ਐਸ.ਆਈ. ਕਮਲਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਇਤਲਾਹ ਮਿਲੀ ਸੀ ਕਿ ਮਿਜ਼ੋਰਮ ਦੀ ਔਰਤ ਪਿਮਸ ਹਸਪਤਾਲ ਨੇੜੇ ਨਸ਼ੇ ਦੀ ਖੇਪ ਸਪਲਾਈ ਕਰਨ ਜਾ ਰਹੀ ਹੈ। ਇਸ 'ਤੇ ਐਸਐਚਓ ਪੁਲਿਸ ਸਟੇਸ਼ਨ-7 ਰਮਨਦੀਪ ਸਿੰਘ ਨੇ ਮਹਿਲਾ ਪੁਲਿਸ ਕਰਮੀਆਂ ਨਾਲ ਚੈਕਿੰਗ ਕੀਤੀ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਟੀਮ ਨੇ ਇੱਕ ਮਹਿਲਾ ਨੂੰ ਮੋਢੇ 'ਤੇ ਪਰਸ ਪਾਇਆ ਦੇਖਿਆ ਜਿਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕਰਮੀਆਂ ਨੇ ਉਸ ਨੂੰ ਫੜ ਲਿਆ।
ਉਨ੍ਹਾਂ ਦੱਸਿਆ ਕਿ ਔਰਤ ਨੂੰ ਕਾਬੂ ਕਰਨ ਤੋਂ ਬਾਅਦ ਮਹਿਲਾ ਸਿਪਾਹੀ ਨੇ ਉਸ ਕੋਲੋ 1 ਕਿਲੋ ਹੈਰੋਇਨ ਬਰਾਮਦ ਕੀਤੀ, ਇਸ ਤੋਂ ਬਾਅਦ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਲਾਲਰੀਮਾਵੀ ਦਿੱਲੀ ਵਿੱਚ ਪਿਤਾ ਦੀ ਮਿਜੋਰਮ ਵਿੱਚ ਮੌਤ ਤੋਂ ਬਾਅਦ ਅਪਣੇ ਚਚੇਰੇ ਭਰਾ ਨਾਲ ਰਹਿ ਰਹੀ ਸੀ।
ਭੁੱਲਰ ਨੇ ਦੱਸਿਆ ਕਿ ਦਿੱਲੀ ਵਿੱਚ ਉਹ ਪੇਸਟਰੀ ਪੇਲੈਸ ਵਿਕਾਸਪੁਰੀ ਵਿਖੇ ਸਮਾਗਮ ਦੌਰਾਨ ਇੱਕ ਅਫਰੀਕਨ ਨਾਗਰਿਕ ਨਾਲ ਮਿਲੀ ਅਤੇ ਉਸ ਨਾਲ ਮਿਲ ਕੇ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲਾਲਰੀਮਾਵੀ ਨੇ ਹਰ ਡਲਿਵਰੀ 'ਤੇ 15000 ਰੁਪਏ ਲਏ ਸਨ ਅਤੇ ਉਸ ਨੇ ਇਸ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਨਸ਼ਿਆਂ ਦੀ ਖੇਪ ਦੀ ਡਲਿਵਰੀ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਐਨਡੀਪੀਐਸ ਦੀ ਧਾਰਾ 21 ਤਹਿਤ ਮੁਲਜ਼ਮ ਮਹਿਲਾ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਵਧੇਰੇ ਪੁੱਛਗਿੱਛ ਲਈ ਉਸ ਨੂੰ ਰਿਮਾਂਡ 'ਤੇ ਲਿਆ ਜਾ ਰਹੇ ਹਨ।