ਜਲੰਧਰ: ਜਲੰਧਰ ਦੇ ਅਰਬਨ ਸਟੇਟ ਇਲਾਕੇ ਦੇ ਰੇਲਵੇ ਲਾਈਨ ਵਾਲੇ ਪਾਸੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਨੌਜਵਾਨ ਦੀ ਲਾਸ਼ ਦਰਖ਼ਤ ਨਾਲ ਲੰਮਕਦੀ ਹੋਈ ਮਿਲੀ। ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪਵਨ ਕੁਮਾਰ ਉਮਰ 35 ਸਾਲ ਵਜੋਂ ਹੋਈ ਹੈ। ਮ੍ਰਿਤਕ ਅਰਬਨ ਸਟੇਟ ਛੋਟੀ ਬਾਰਾਦਰੀ ਦਾ ਰਹਿਣ ਵਾਲਾ ਹੈ।
ਮ੍ਰਿਤਕ ਦੀ ਲਾਸ਼ ਦੀ ਸੂਚਨਾ ਮਿਲਣ ਤੋਂ ਬਾਅਦ ਪਹੁੰਚੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੂਰਾ ਹਾਲ ਹੈ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਮਾਡਲ ਟਾਊਨ ਵਿੱਚ ਇੱਕ ਦੁਕਾਨ 'ਤੇ ਦਰਜ਼ੀ ਦਾ ਕੰਮ ਕਰਦਾ ਸੀ। ਉਸ ਦਾ ਆਪਣੇ ਮਾਲਕ ਨਾਲ ਝਗੜਾ ਚੱਲ ਰਿਹਾ ਸੀ। ਉਸ ਦੇ ਮਾਲਕ ਨੇ ਉਸ ਦਾ ਫੋਨ ਵੀ ਖੋਹ ਲਿਆ ਸੀ। ਰੇਨੂੰ ਨੇ ਦੱਸਿਆ ਕਿ ਉਸ ਨੇ ਆਪਣਾ ਵੱਖਰਾ ਕੰਮ ਸ਼ੁਰੂ ਕੀਤਾ ਸੀ ਅਤੇ ਇਸ ਗੱਲ ਤੋਂ ਉਸ ਦਾ ਮਾਲਕ ਨਾਖੁਸ਼ ਸੀ। ਰੇਨੂੰ ਨੇ ਆਪਣੇ ਪਤੀ ਦਾ ਕਤਲ ਕੀਤੇ ਜਾਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ।
ਇਸ ਮੌਕੇ ਪਹੁੰਚੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਦਰਖ਼ਤ ਤੋਂ ਉਤਾਰ ਦਿੱਤਾ ਹੈ। ਪੁਲਿਸ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਇਹ ਖੇਤਰ ਸਰਕਾਰੀ ਰੇਲਵੇ ਪੁਲਿਸ ਦਾ ਅਧਿਕਾਰ ਖੇਤਰ ਹੈ। ਇਸ ਕਾਰਨ ਇਸ ਮਾਮਲੇ ਵਿੱਚ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਲਾਸ਼ ਉਨ੍ਹਾਂ ਦੇ ਹਵਾਲੇ ਕੀਤੀ ਜਾਵੇਗੀ। ਇਸ ਮਗਰੋਂ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ।