ਜਲੰਧਰ: ਦਿਵਾਲੀ ਮੌਕੇ ਸ਼ਹਿਰ ਦੇ ਬਾਬਾ ਮੋਹਨ ਦਾਸ ਨਗਰ 'ਚ ਹੋਏ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤਾ ਮੁਲਜ਼ਮ ਪਟਾਕੇ ਵੇਚਣ ਦੇ ਮਾਮਲੇ ਵਿੱਚ ਪਹਿਲੇ ਹੀ ਬਲੈਕ ਲਿਸਟ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੁਰਦੀਪ ਸਿੰਘ ਪਹਿਲੇ ਹੀ ਪਟਾਕੇ ਵੇਚਣ ਦੇ ਮਾਮਲੇ ਵਿੱਚ ਬਲੈਕ ਲਿਸਟ ਵਿੱਚ ਹੈ। ਬਲੈਕ ਲਿਸਟ ਹੋਣ ਕਾਰਨ ਮੁਲਜ਼ਮ ਨੂੰ ਇਸ ਵਾਰ ਪਟਾਕੇ ਵੇਚਣ ਦਾ ਲਾਇਸੈਂਸ ਨਹੀਂ ਦਿੱਤਾ ਗਿਆ। ਇਸ ਦੇ ਬਾਵਜੂਦ ਗੁਰਦੀਪ ਸਿੰਘ ਇੱਕ ਟਾਟਾ ਕਾਰ ਗੱਡੀ ਵਿੱਚ 70 ਹਜ਼ਾਰ ਦੇ ਪਟਾਕੇ ਲੁਧਿਆਣੇ ਤੋਂ ਲੈ ਕੇ ਆਇਆ। ਮੁਲਜ਼ਮ ਨੇ ਇਨ੍ਹਾਂ ਪਟਾਕਿਆਂ ਨੂੰ ਇੱਕ ਖਾਲੀ ਪਲਾਟ 'ਚ ਕਰੀਬ 50 ਬੋਰੀਆਂ 'ਚ ਛੁਪਾ ਕੇ ਰੱਖਿਆ ਹੋਇਆ ਸੀ।
ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੁਰਦੀਪ ਸਿੰਘ ਨੇ ਪੁੱਛ-ਗਿੱਛ ਦੌਰਾਨ ਖੁਲਾਸਾ ਕੀਤਾ ਕਿ ਉਹ ਪਿਛਲੇ 15 ਸਾਲ ਤੋਂ ਪਟਾਕੇ ਵੇਚਣ ਦਾ ਕੰਮ ਕਰਦਾ ਹੈ। ਪੁਲਿਸ ਦੀ ਸਖ਼ਤੀ ਕਾਰਨ ਉਸ ਨੇ ਗੋਦਾਮ 'ਚ ਇੱਕ ਵਿਅਕਤੀ ਦੀ ਮਦਦ ਨਾਲ ਪਟਾਕਿਆਂ ਨੂੰ ਛੁਪਾ ਕੇ ਰੱਖਿਆ ਹੋਇਆ ਸੀ।
ਪੁਲਿਸ ਗੁਰਦੀਪ ਸਿੰਘ ਉੱਤੇ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਮਾਮਲੇ ਦਰਜ਼ ਕਰ ਕਾਰਵਾਈ ਕਰ ਰਹੀ ਹੈ। ਦੂਜੇ ਪਾਸੇ ਗੁਰਦੀਪ ਸਿੰਘ ਉੱਤੇ ਕਿਸੇ ਦੀ ਨਿੱਜੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਵੀ ਦਰਜ ਕਰ ਰਹੀ ਹੈ ਕਿਉਂਕਿ ਇਸ ਧਮਾਕੇ ਵਿੱਚ ਇਸ ਇਲਾਕੇ ਦੇ ਕਈ ਘਰਾਂ ਅਤੇ ਗੱਡੀਆਂ ਨੂੰ ਨੁਕਸਾਨ ਹੋਇਆ ਹੈ। ਗੁਰਦੀਪ ਸਿੰਘ 'ਤੇ ਪਹਿਲੇ ਵੀ ਇਸ ਤਰੀਕੇ ਦੇ 2 ਮਾਮਲੇ ਦਰਜ ਹਨ।