ਜਲੰਧਰ: ਕੋਰੋਨਾ ਦੇ ਚੱਲਦੇ ਪੰਜਾਬ ਵਿੱਚ ਕਰਫਿਊ ਲਗਾਇਆ ਗਿਆ ਹੈ। ਪਰ ਜਦੋਂ ਵੀ ਸਵੇਰ ਚੜ੍ਹਦੀ ਹੈ ਅਤੇ ਸਬਜ਼ੀ ਮੰਡੀਆਂ ਦੇ ਜੋ ਹਾਲਾਤ ਨਜ਼ਰ ਆਉਂਦੇ ਹਨ, ਉਨ੍ਹਾਂ ਤੋਂ ਲੱਗਦਾ ਹੈ ਕਿ ਪੰਜਾਬ ਵਿੱਚ ਕਰਫਿਊ ਵਰਗਾ ਕੋਈ ਮਾਹੌਲ ਨਹੀਂ ਹੈ। ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਮੰਡੀ ਵਿੱਚ ਆਉਣ ਵਾਲੀਆਂ ਰੇਹੜੀਆਂ ਅਤੇ ਗੱਡੀਆਂ ਨੂੰ ਕੰਟਰੋਲ ਕਰਨ ਲਈ ਜਲੰਧਰ ਪ੍ਰਸ਼ਾਸਨ ਨੇ ਇੱਕ ਨਵਾਂ ਤਰੀਕਾ ਅਪਣਾਇਆ ਹੈ।
ਜਲੰਧਰ ਦੀ ਸਬਜ਼ੀ ਮੰਡੀ ਵਿਖੇ ਹੁਣ ਦਿੱਲੀ ਦੇ ਆਡ- ਈਵਨ ਨੰਬਰ ਦੀ ਤਰਜ਼ 'ਤੇ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਇਸ ਬਾਰੇ ਦੱਸਦੇ ਹੋਏ ਸੁਖਦੀਪ ਸਿੰਘ ਮੰਡੀ ਮਾਰਕੀਟ ਸੈਕਟਰੀ ਨੇ ਕਿਹਾ ਕਿ ਜਲੰਧਰ ਦੀ ਸਬਜ਼ੀ ਮੰਡੀ ਵਿੱਚ ਹੁਣ ਸਬਜ਼ੀ ਵਿਕਰੇਤਾਵਾਂ ਨੂੰ ਲਾਲ ਅਤੇ ਹਰੇ ਪਾਸ ਜਾਰੀ ਕੀਤੇ ਜਾਣਗੇ। ਬਰਾਬਰ ਗਿਣਤੀ ਵਿੱਚ ਜਾਰੀ ਕੀਤੇ ਇਹ ਪਾਸ ਸਬਜ਼ੀ ਮੰਡੀ ਵਿੱਚ ਭੀੜ ਨੂੰ ਅੱਧਾ ਕਰ ਦੇਣਗੇ।
ਉਨ੍ਹਾਂ ਦੱਸਿਆ ਕਿ ਜਲੰਧਰ ਦੀ ਸਬਜ਼ੀ ਮੰਡੀ ਵਿੱਚ ਲਾਲ ਤੇ ਹਰੇ ਪਾਸ ਜਾਰੀ ਹੋਣ ਤੋਂ ਬਾਅਦ ਇੱਕ ਦਿਨ ਲਾਲ ਪਾਸ ਵਾਲੇ ਸਬਜ਼ੀ ਮੰਡੀ ਆ ਸਕਣਗੇ ਅਤੇ ਦੂਜੇ ਦਿਨ ਹਰੇ ਪਾਸ ਵਾਲੇ ਸਬਜ਼ੀ ਮੰਡੀ ਆ ਸਕਣਗੇ। ਇਸ ਤਰ੍ਹਾਂ ਐਤਵਾਰ ਛੁੱਟੀ ਵਾਲੇ ਦਿਨ ਨੂੰ ਛੱਡ ਕੇ ਬਾਕੀ ਛੇ ਦਿਨਾਂ ਦੇ ਵਿੱਚ ਤਿੰਨ ਦਿਨ ਹਰੇ ਪਾਸ ਵਾਲੇ ਸਬਜ਼ੀ ਵਿਕਰੇਤਾ ਆਪਣਾ ਕੰਮ ਕਰ ਸਕਣਗੇ ਅਤੇ ਤਿੰਨ ਦਿਨ ਲਾਲ ਪਾਸ ਵਾਲੇ ਕੰਮ ਕਰ ਸਕਣਗੇ। ਇਸ ਨਾਲ ਸਬਜ਼ੀ ਮੰਡੀ ਦੀ ਭੀੜ ਤਕਰੀਬਨ ਅੱਧੀ ਰਹਿ ਜਾਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਰਫਿਊ ਲਗਾਏ ਜਾਣ ਤੋਂ ਬਾਅਦ ਜਿਹੜੇ ਲੋਕ ਪਹਿਲੇ ਤੋਂ ਹੀ ਸਬਜ਼ੀ ਦਾ ਕੰਮ ਕਰਦੇ ਸੀ ਉਹ ਤਾਂ ਕਰ ਹੀ ਰਹੇ ਹਨ, ਉਸ ਤੋਂ ਇਲਾਵਾ ਬਾਕੀ ਰੇਹੜੀਆਂ 'ਤੇ ਕੰਮ ਕਰਨ ਵਾਲੇ ਲੋਕ ਵੀ ਸਬਜ਼ੀ ਦਾ ਵਪਾਰ ਕਰਨ ਲੱਗ ਪਏ ਹਨ। ਇਸ ਨਾਲ ਸਬਜ਼ੀ ਮੰਡੀ ਵਿੱਚ ਭੀੜ ਬਹੁਤ ਜ਼ਿਆਦਾ ਵੱਧ ਗਈ ਹੈ। ਸਵੇਰੇ ਇੱਥੇ ਜਾਮ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ ਜਿਸ ਨਾਲ ਸੋਸ਼ਲ ਡਿਸਟੈਂਸਿੰਗ ਬਿਲਕੁਲ ਨਹੀਂ ਰਹਿੰਦੀ।