ਜਲੰਧਰ: ਸੂਬੇ 'ਚ ਹੋ ਰਹੀ ਬੇਮੌਸਮੀ ਬਰਸਾਤ ਨੇ ਮੰਡੀ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ ਦੀ ਸਭ ਤੋਂ ਵੱਡੀ ਪ੍ਰਤਾਪਰਾ ਮੰਡੀ ਵਿਖੇ ਹੋਈ ਬਾਰਿਸ਼ ਨੇ ਕੁਇੰਟਲਾਂ ਦੇ ਹਿਸਾਬ ਨਾਲ ਕਣਕ ਗਿੱਲੀ ਕਰਕੇ ਰੱਖ ਦਿੱਤੀ ਹੈ। ਉੱਥੇ ਹੀ ਅਫਸਰਾਂ ਨੇ ਗਿੱਲੀ ਕਣਕ ਨੂੰ ਸੁਕਾਉਣ ਦੀ ਥਾਂ ਭਿੱਜੀ ਹੋਈ ਕਣਕ ਨੂੰ ਬੋਰੀਆਂ ਵਿੱਚ ਪੈਕ ਕਰਵਾ ਦਿੱਤਾ ਹੈ। ਹੁਣ ਸਰਕਾਰ ਇਸ ਗਿੱਲੀ ਕਣਕ ਨੂੰ ਆਉਣ ਵਾਲੇ ਸਮੇਂ 'ਚ ਗਰੀਬਾਂ ਨੂੰ ਵੰਡ ਦੇਵੇਗੀ।
ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਮੀਂਹ ਨਾਲ ਭਿੱਜੀ ਹੋਈ ਇਹ ਪੈਕ ਕਣਕ ਗਰੀਬ ਲੋਕਾਂ ਤੱਕ ਪਹੁੰਚੇਗੀ ਤਾਂ ਉਨ੍ਹਾਂ ਦੀ ਸਿਹਤ ਦਾ ਕਿ ਹਾਲ ਹੋਵੇਗਾ। ਜਦੋਂ ਮੰਡੀ ਅਫਸਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹਿ ਕੇ ਆਪਣਾ ਪੱਲਾ ਝਾੜ ਲਿਆ। ਜਲੰਧਰ ਦੀ ਸਭ ਤੋਂ ਵੱਡੀ ਮੰਡੀ ਦਾ ਇਹ ਹਾਲ ਹੋਣਾ ਤੇ ਮੰਡੀ ਅਫਸਰ ਦਾ ਉਸ ਤੋਂ ਅਣਜਾਣ ਹੋਣਾ ਇਸ ਗੱਲ ਨੂੰ ਸਾਫ਼ ਕਰਦਾ ਹੈ ਕਿ ਕਿਸਾਨਾਂ ਵੱਲੋਂ ਮਿਹਨਤ ਨਾਲ ਉਗਾਈ ਗਈ ਫਸਲ ਲਈ ਇਨ੍ਹਾਂ ਦੇ ਇੰਤਜ਼ਾਮ ਕਿੰਨੇ ਖੋਖਲੇ ਹਨ। ਮੰਡੀ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਵੇਖ ਕੇ ਇਹ ਸਵਾਲ ਉਠਦਾ ਹੈ, ਕੀ ਕਿਸਾਨ ਤੇ ਗਰੀਬ ਵਰਗ ਦੀ ਜਾਨ ਦਾ ਕੋਈ ਮੁੱਲ ਨਹੀਂ ਹੈ ?
ਜ਼ਿਕਰਯੋਗ ਹੈ ਕਿ ਪ੍ਰਤਾਪਰਾ ਮੰਡੀ ਜਲੰਧਰ ਦੀ ਸਭ ਤੋਂ ਵੱਡੀ ਮੰਡੀ ਹੈ ਅਤੇ ਹਰ ਸਾਲ ਸੈਂਕੜਿਆਂ ਦੀ ਗਿਣਤੀ ਵਿੱਚ ਲੱਖਾਂ ਟਨ ਕਣਕ ਇਸ ਮੰਡੀ ਵਿੱਚ ਪਹੁੰਚਦੀ ਹੈ। ਇਸ ਸਾਲ ਵੀ ਕਿਸਾਨ ਲਗਾਤਾਰ ਕਣਕ ਲੈ ਕੇ ਇਸ ਮੰਡੀ ਵਿੱਚ ਪਹੁੰਚ ਰਹੇ ਹਨ ਪਰ ਅੱਜ ਵੀ ਬਰਸਾਤ ਦੇ ਮੋਸਮ 'ਚ ਮੰਡੀ ਪ੍ਰਸ਼ਾਸਨ ਵੱਲੋਂ ਕਣਕ ਦੀ ਸੰਭਾਲ ਨਹੀਂ ਕੀਤੀ ਜਾ ਰਹੀ ਹੈ।