ਜਲੰਧਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ 'ਫਲਾਇੰਗ ਫਾਰਮਰ' ਦੇ ਨਾਮ ਵਾਲਾ ਇਕ ਅਜਿਹਾ ਡਰੋਨ ਤਿਆਰ ਕੀਤਾ ਗਿਆ ਹੈ, ਜੋ ਉੱਚੇਚੇ ਤੌਰ ਤੇ ਖੇਤੀਬਾੜੀ ਦੇ ਲਈ ਹੀ ਇਸਤੇਮਾਲ ਕੀਤਾ ਜਾਵੇਗਾ। ਇਸ ਡ੍ਰੋਨ ਦਾ ਇਸਤੇਮਾਲ ਫਸਲਾਂ ਤੇ ਦਵਾਈਆਂ ਦੇ ਛਿੜਕਾਅ ਦੇ ਨਾਲ-ਨਾਲ ਖੇਤਾਂ ਦਾ ਸਰਵੇ ਕਰਨ ਲਈ ਵੀ ਕੀਤਾ ਜਾ ਸਕੇਗਾ।
ਡ੍ਰੋਨ ਵਿਚ ਪ੍ਰੋਗਰਾਮਿੰਗ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਇਹ ਪਹਿਲਾਂ ਖੇਤ ਵਿੱਚ ਫਸਲ ਨੂੰ ਪਈ ਬਿਮਾਰੀ ਡਿਟੈਕਟ ਕਰੇਗਾ ਤੇ ਬਾਅਦ ਵਿੱਚ ਉਸ ਸਥਾਨ ਤੇ ਦਵਾਈ ਦਾ ਛਿੜਕਾਅ ਕਰੇਗਾ।
ਡਰੋਨ ਤਿਆਰ ਕਰਨ ਵਾਲੀ ਟੀਮ ਮੁਤਾਬਕ ਅਜਿਹਾ ਹੋਣ ਦੇ ਨਾਲ ਜਿੱਥੇ ਕਿਸਾਨਾਂ ਦਾ ਸਮਾਂ ਬਚੇਗਾ, ਉੱਥੇ ਇਸ ਕੰਮ ਲਈ ਇਸਤੇਮਾਲ ਹੋਣ ਵਾਲੀ ਮਨੁੱਖੀ ਸ਼ਕਤੀ ਦੀ ਵਰਤੋਂ ਵੀ ਘਟੇਗੀ। ਡਰੋਨ ਨੂੰ ਕੋਈ ਵੀ ਕਿਸਾਨ ਇਕੱਲੇ ਤੌਰ ਤੇ ਚਲਾ ਸਕੇਗਾ ਅਤੇ ਇਸ ਡਰੋਨ ਨੂੰ ਖਰੀਦਣ ਦੇ ਲਈ ਕਿਸਾਨਾਂ ਨੂੰ ਮਹਿੰਗੀਆਂ ਕੀਮਤਾਂ ਵੀ ਨਹੀਂ ਦੇਣੀਆਂ ਪੈਣਗੀਆਂ।