ਜਲੰਧਰ : ਲੌਕਡਾਊਨ ਖ਼ਤਮ ਹੋਣ ਤੋਂ ਬਾਅਦ ਸ਼ਹਿਰ ਵਿੱਚ ਅਪਰਾਧਿਕ ਮਾਮਲੇ ਵੱਧ ਗਏ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਵਿੱਚ ਸਾਹਮਣੇ ਆਇਆ ਹੈ। ਜਲੰਧਰ 'ਚ ਮਕਸੂਦਾ ਨੇੜੇ ਪੁਲਿਸ ਨੂੰ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਮਕਸੂਦਾ-ਨੰਦਨਪੁਰ ਰੋਡ 'ਤੇ ਸਥਿਤ ਨਿਊ ਜਵਾਲਾ ਨਗਰ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦ ਇਥੋਂ ਦੇ ਰਿਹਾਇਸ਼ੀ ਇਲਾਕੇ ਨੇੜੇ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਲਾਸ਼ ਬਾਰੇ ਸੂਚਨਾ ਮਿਲਣ 'ਤੇ ਥਾਣਾ ਨੰਬਰ 1 ਦੀ ਪੁਲਿਸ ਮੌਕੇ 'ਤੇ ਪੁੱਜੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਨੰਬਰ 1 ਦੀ ਏਡੀਸੀਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਤੁਰੰਤ ਆਪਣੀ ਟੀਮ ਨਾਲ ਮੌਕੇ 'ਤੇ ਪੁੱਜੇ।
ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਮੁਤਾਬਕ ਕੋਈ ਇੱਕ ਆਟੋ ਰਿਕਸ਼ਾ ਤੋਂ ਇੱਕ ਕੰਬਲ ਸੁੱਟ ਕੇ ਗਿਆ। ਥੋੜੇ ਸਮੇਂ ਬਾਅਦ ਲੋਕਾਂ ਨੂੰ ਕੰਬਲ 'ਚ ਲਾਸ਼ ਹੋਣ ਬਾਰੇ ਪਤਾ ਚਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ 'ਤੇ 5 ਤੋਂ 6 ਤੇਜ਼ਧਾਰ ਹਥਿਆਰਾਂ ਰਾਹੀਂ ਵਾਰ ਕੀਤੇ ਜਾਣ ਦੇ ਨਿਸ਼ਾਨ ਮਿਲੇ ਹਨ। ਉਨ੍ਹਾਂ ਦੱਸਿਆ ਕਿ ਕਾਤਲਾਂ ਵੱਲੋਂ ਉਕਤ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਕੰਬਲ 'ਚ ਲਪੇਟ ਕੇ ਕੋਈ ਰਿਹਾਇਸ਼ੀ ਇਲਾਕੇ 'ਚ ਸੁੱਟਿਆ ਗਿਆ ਹੈ।
ਏਡੀਸੀਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ 30 ਤੋਂ 35 ਸਾਲ ਵਿਚਾਲੇ ਹੈ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਜਲਦ ਤੋਂ ਜਲਦ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।