ਜਲੰਧਰ : ਪੁਲਿਸ ਦੀ ਸੀਆਈਏ ਸਟਾਫ ਨੇ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ 'ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਪੁਲਿਸ ਸਟਾਫ ਨੂੰ ਇੱਕ ਵਿਅਕਤੀ ਕੋਲ ਨਜਾਇਜ਼ ਹਥਿਆਰ ਹੋਣ ਬਾਰੇ ਗੁਪਤ ਸੂਚਨਾ ਮਿਲੀ ਸੀ। ਗੁਪਤ ਸੂਚਨਾ ਦੇ ਮੁਤਾਬਕ ਗੁਰੂ ਅਮਰਦਾਸ ਨਗਰ 'ਚ ਰਹਿਣ ਵਾਲੇ ਇੱਕ ਵਿਅਕਤੀ ਕੋਲ ਨਜਾਇਜ਼ ਹਥਿਆਰ ਹੋਣ ਦੀ ਜਾਣਕਾਰੀ ਮਿਲੀ ਸੀ। ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਨੰਬਰ-1 ਤੇ ਸੀਆਈਏ ਟੀਮ ਨੇ ਸਾਂਝੇ ਤੌਰ 'ਤੇ ਕਾਰਵਾਈ ਕੀਤੀ।
ਏਡੀਸੀਪੀ ਨੇ ਦੱਸਿਆ ਕਿ ਦੇਰ ਰਾਤ ਸੀਆਈਏ ਸਟਾਫ ਨੇ ਸ਼ਹਿਰ ਦੇ ਵੇਰਕਾ ਮਿਲਕ ਪਲਾਂਟ ਦੇ ਨੇੜੇ ਨਾਕਾਬੰਦੀ ਦੌਰਾਨ ਤਿੰਨ ਲੋਕਾਂ ਨੂੰ ਨਜਾਇਜ਼ ਹਥਿਆਰਾਂ ਨਾਲ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ 15 ਬੋਰ ਦੀ ਪਿਸਤੌਲ ਅਤੇ ਜ਼ਿੰਦਾ ਰਾਊਂਡ ਤੇ ਇੱਕ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੋਹਨ ਕੁਮਾਰ ਉਰਫ ਮਨਦੀਪ, ਪਰਮਿੰਦਰ ਅਤੇ ਸੁਖਬੀਰ ਸਿੰਘ ਵਜੋਂ ਹੋਈ ਹੈ। ਇਹ ਤਿੰਨੋਂ ਮਕਸੂਦਾਂ ਦੇ ਵਸਨੀਕ ਹਨ। ਮਨਦੀਪ ਯੂਪੀ ਦੇ ਬਰੇਲੀ ਸ਼ਹਿਰ ਤੋਂ ਸਸਤੇ ਦਾਮਾਂ 'ਤੇ ਨਜਾਇਜ਼ ਹਥਿਆਰ ਲਿਆ ਕੇ ਪੰਜਾਬ 'ਚ ਮਹਿੰਗੇ ਦਾਮਾਂ 'ਚ ਵੇਚਦਾ ਹੈ। ਪੁਲਿਸ ਵੱਲੋਂ ਆਰਮਜ਼ ਐਕਟ ਦੇ ਤਹਿਤ ਤਿੰਨਾਂ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।