ਜਲੰਧਰ : ਕੋਰੋਨਾ ਮਹਾਂਮਾਰੀ ਦੇ ਕਾਰਨ ਇਸ ਵਾਰ ਆਈਪੀਐਲ ਮੈਚ ਭਾਰਤ ਦੀ ਬਜਾਏ ਦੁਬਈ 'ਚ ਹੋ ਰਹੇ ਹਨ। ਇਸ ਦੇ ਲਈ ਮਸ਼ਹੂਰ ਕ੍ਰਿਕਟ ਖਿਡਾਰੀਆਂ ਨੇ ਸਪੋਰਟਸ ਹੱਬ ਮੰਨੇ ਜਾਣ ਵਾਲੇ ਸ਼ਹਿਰ ਜਲੰਧਰ ਤੋਂ ਮੁੜ ਆਪਣੇ ਲਈ ਖ਼ਾਸ ਬੈਟ ਮੰਗਵਾਏ ਹਨ। ਇਸ ਵਾਰ ਆਈਪੀਐਲ ਮੈਚ ਲਈ ਕਿੰਗਜ਼ ਇਲੈਵਨ ਪੰਜਾਬ ਦੇ ਕ੍ਰਿਕੇਟਰ ਕ੍ਰਿਸ ਗੇਲ ਤੇ ਐੱਸਆਰਐੱਚ ਦੇ ਡੇਵਿਡ ਵਾਰਨਰ ਨੇ ਇਥੋਂ ਦੀ ਬੈਟ ਨਿਰਮਾਤਾ ਕੰਪਨੀ ਸਪਾਰਟਨ ਸਪੋਰਟਸ ਤੋਂ ਆਪਣੇ ਬੈਟ ਤਿਆਰ ਕਰਵਾਏ ਤੇ ਉਨ੍ਹਾਂ 'ਚ ਤਬਦੀਲੀਆਂ ਵੀ ਕਰਵਾਈਆਂ ਹਨ।
ਇਸ ਬਾਰੇ ਦੱਸਦੇ ਹੋਏ ਬੈਟ ਨਿਰਮਾਤਾ ਕੰਪਨੀ ਦੇ ਮਾਲਕ ਜੋਤੀ ਸ਼ਰਮਾ ਨੇ ਦੱਸਿਆ ਕਿ ਕ੍ਰਿਸ ਗੇਲ ਤੇ ਡੇਵਿਡ ਵਾਰਨਰ ਪਹਿਲਾਂ ਵੀ ਉਨ੍ਹਾਂ ਦੇ ਬੈਟਾਂ ਨਾਲ ਮੈਚ ਖੇਡਦੇ ਸਨ। 18 ਸਤੰਬਰ ਨੂੰ ਸ਼ੁਰੂ ਹੋਣ ਵਾਲੇ ਆਈਪੀਐਲ ਇਸ ਵਾਰ ਭਾਰਤ ਦੀਆਂ ਪਿੱਚਾਂ ਤੇ ਨਹੀਂ ਬਲਕਿ ਯੂਏਈ ਦੀ ਪਿੱਚਾਂ 'ਤੇ ਖੇਡਿਆ ਜਾਵੇਗਾ। ਇਸ ਨੂੰ ਲੈ ਕੇ ਖਿਡਾਰੀ ਕਾਫੀ ਉਤਸ਼ਾਹਤ ਹਨ। ਦੋਹਾਂ ਖਿਡਾਰੀਆਂ ਨੇ ਇਸ ਵਾਰ ਯੂਏਈ ਦੀ ਪਿੱਚਾਂ 'ਤੇ ਮੈਚ ਖੇਡਣ ਲਈ ਆਪਣੇ ਬੈਟਾਂ 'ਚ ਤਬਦੀਲੀਆਂ ਕਰਵਾਇਆਂ ਹਨ।
ਜੋਤੀ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੇ ਕ੍ਰਿਸ ਗੇਲ ਅਤੇ ਡੇਵਿਡ ਵਾਰਨਰ ਨੂੰ ਬੈਟ ਤਿਆਰ ਕਰਕੇ ਭੇਜੇ ਹਨ। ਉਨ੍ਹਾਂ ਦੱਸਿਆ ਕਿ ਦੋਹਾਂ ਖਿਡਾਰੀਆਂ ਨੇ ਵੱਖੋ-ਵੱਖ ਤਬਦੀਲੀਆਂ ਕਰਵਾਈਆਂ ਹਨ। ਜਿਥੇ ਇੱਕ ਪਾਸੇ ਡੇਵਿਡ ਵਾਰਨਰ ਨੇ ਨਵੀਂ ਤਕਨੀਕ ਦੇ ਬੈਟ ਦੀ ਮੰਗ ਕੀਤੀ ਹੈ, ਉਥੇ ਹੀ ਦੂਜੇ ਪਾਸੇ ਕ੍ਰਿਸ ਨੇ ਘੱਟ ਭਾਰ ਵਾਲੇ ਬੈਟਸ ਦੀ ਮੰਗ ਕੀਤੀ ਹੈ। ਜੋਤੀ ਸ਼ਰਮਾ ਨੇ ਕਿਹਾ ਕਿ ਉਹ ਦੋਹਾਂ ਖਿਡਾਰੀਆਂ ਨੂੰ ਉਨ੍ਹਾਂ ਦੀ ਮੰਗ ਦੇ ਮੁਤਾਬਕ ਬੈਟਸ ਭੇਜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕ੍ਰਿਸ ਗੇਲ ਪਹਿਲਾ 1350 ਗ੍ਰਾਮ ਭਾਰ ਵਾਲੇ ਬੈਟ ਨਾਲ ਖੇਡ ਲੈਂਦੇ ਸਨ ਪਰ ਇਸ ਵਾਰ ਉਨ੍ਹਾਂ ਨੇ 1250 ਗ੍ਰਾਮ ਭਾਰ ਵਾਲੇ ਬੈਟਾਂ ਦੀ ਮੰਗ ਕੀਤੀ ਹੈ। ਡੇਵਿਡ ਵਾਰਨਰ ਨੇ ਵੀ ਆਪਣੇ ਬੈਟ ਦਾ ਭਾਰ ਘੱਟ ਕਰਵਾਇਆ ਹੈ ਤੇ ਕੁੱਝ ਤਕਨੀਕੀ ਬਦਲਾਅ ਕਰਵਾਏ ਹਨ।
ਜੋਤੀ ਸ਼ਰਮਾ ਨੇ ਦੋਹਾਂ ਖਿਡਾਰੀਆਂ ਦੀ ਪਸੰਦ ਮੁਤਾਬਕ ਬੈਟ ਤਿਆਰ ਕਰਕੇ ਭੇਜਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਮੱਦੇਨਜ਼ਰ ਰੱਖਦਿਆਂ ਖਿਡਾਰੀਆਂ ਦੀਆਂ ਕਿੱਟਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਕੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੋਹਾਂ ਖਿਡਾਰੀਆਂ ਨੂੰ ਮੈਚ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਭਾਵੇਂ ਇਸ ਵਾਰ ਆਈਪੀਐਲ ਯੂਏਈ ਵਿੱਚ ਹੋ ਰਿਹਾ ਹੈ। ਇਸ ਦੇ ਬਾਵਜੂਦ ਵੀ ਕ੍ਰਿਕਟ ਪ੍ਰੇਮੀ ਬੇਹਦ ਖੁਸ਼ ਹਨ। ਆਈਪੀਐਲ ਦੇ ਲਈ ਕਈ ਕ੍ਰਿਕਟ ਖਿਡਾਰੀਆਂ ਨੇ ਆਪਣੇ ਬੈਟ ਜਲੰਧਰ ਤੋਂ ਬਣਵਾਏ ਹਨ।