ਜਲੰਧਰ: ਪੰਜਾਬ 'ਚ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ (Assembly elections 2022) ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਅੱਜ ਪੰਜਾਬ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ 64 ਉਮੀਦਵਾਰਾਂ ਦਾ ਐਲਾਨ (Announcement of candidates) ਕੀਤਾ ਗਿਆ ਹੈ।
ਇਸ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਹਲਕਿਆਂ ਤੋਂ ਵੀ ਉਮੀਦਵਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅੱਜ ਐਲਾਨੇ ਗਏ ਉਮੀਦਵਾਰਾਂ ਵਿੱਚੋਂ ਜਲੰਧਰ ਦੇ ਫਿਲੌਰ ਹਲਕੇ ਤੋਂ ਬਲਦੇਵ ਸਿੰਘ ਖਹਿਰਾ, ਨਕੋਦਰ ਹਲਕੇ ਤੋਂ ਗੁਰਪ੍ਰਤਾਪ ਸਿੰਘ ਵਡਾਲਾ, ਆਦਮਪੁਰ ਤੋਂ ਪਵਨ ਕੁਮਾਰ ਟੀਨੂੰ , ਜਲੰਧਰ ਛਾਉਣੀ ਤੋਂ ਜਗਬੀਰ ਸਿੰਘ ਬਰਾੜ ਅਤੇ ਜਲੰਧਰ ਸੈਂਟਰਲ ਹਲਕੇ ਤੋਂ ਚੰਦਨ ਗਰੇਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਪਵਨ ਕੁਮਾਰ ਟੀਨੂੰ ਆਦਮਪੁਰ ਤੋਂ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨਕੋਦਰ ਤੋਂ ਪਹਿਲੇ ਹੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਹਨ। ਇਸ ਲਿਸਟ ਵਿੱਚ ਸ਼ਾਮਲ ਜਗਬੀਰ ਸਿੰਘ ਬਰਾੜ ਜਿਨ੍ਹਾਂ ਨੂੰ ਜਲੰਧਰ ਛਾਉਣੀ ਦੀ ਟਿਕਟ ਦਿੱਤੀ ਗਈ ਹੈ, ਉਹ ਸਾਲ 2007 ਤੋ 2012 ਤੱਕ ਪਹਿਲੇ ਵੀ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ, ਪਰ ਬਾਅਦ ਵਿੱਚ ਉਹ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸੀ। ਮੁੜ ਇਸ ਵਾਰ ਉਹ ਅਕਾਲੀ ਦਲ 'ਚ ਵਾਪਸੀ ਕਰਕੇ ਜਲੰਧਰ ਛਾਉਣੀ ਤੋਂ ਬਤੌਰ ਉਮੀਦਵਾਰ ਚੋਣਾਂ ਲੜਨਗੇ।
ਇਸ ਤੋਂ ਇਲਾਵਾ ਇਸ ਵਾਰ ਜਲੰਧਰ ਵਿੱਚ ਵਿਧਾਨ ਸਭਾ ਚੋਣਾਂ ਲਈ ਇਕ ਨਵਾਂ ਚਿਹਰਾ ਸ਼ਾਮਲ ਹੋਇਆ ਹੈ।ਇਹ ਚਿਹਰਾ ਹੈ ਚੰਦਨ ਗਰੇਵਾਲ ਜੋ ਇਸ ਵਾਰ ਅਕਾਲੀ ਦਲ ਵੱਲੋਂ ਜਲੰਧਰ ਸੈਂਟਰਲ ਸੀਟ 'ਤੇ ਚੋਣਾਂ ਲੜਨਗੇ। ਚੰਦਨ ਗਰੇਵਾਲ ਨੂੰ ਅਕਾਲੀ ਦਲ ਵੱਲੋਂ ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਦੀ ਸੀਟ ਦੇਣ ਤੋਂ ਬਾਅਦ ਅੱਜ ਉਨ੍ਹਾਂ ਦੇ ਸਮਰਥਕ ਬੇਹੱਦ ਖੁਸ਼ ਨਜ਼ਰ ਆਏ ਅਤੇ ਇੱਕ ਦੂਜੇ ਨੂੰ ਮਿਠਾਈਆਂ ਖਿਲਾਂਦੇ ਨਜ਼ਰ ਆਏ।
ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ 'ਤੇ ਚੰਦਨ ਗਰੇਵਾਲ ਨੇ ਕਿਹਾ ਕਿ ਜਲੰਧਰ ਸੈਂਟਰਲ ਤੋਂ ਸੀਟ ਦਿੱਤੇ ਜਾਣ 'ਤੇ ਉਹ ਪਾਰਟੀ ਦੀ ਹਾਈ ਕਮਾਨ ਦਾ ਧੰਨਵਾਦ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਕਿ ਉਹ ਪਾਰਟੀ ਦੀਆਂ ਉਮੀਦਾਂ 'ਤੇ ਖਰ੍ਹੇ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ ਤੇ ਪਾਰਟੀ ਵੱਲੋਂ ਸੌਂਪੀ ਜਾਣ ਵਾਲੀ ਹਰ ਜ਼ਿੰਮੇਵਾਰੀ ਨੂੰ ਪੂਰਾ ਕਰਨਗੇ।
ਇਹ ਵੀ ਪੜ੍ਹੋ : Assembly Elections 2022: ਅਕਾਲੀ ਦਲ ਵੱਲੋਂ ਸੂਚੀ ਜਾਰੀ, ਪੜੋ ਤੁਹਾਡੇ ਹਲਕੇ ਤੋਂ ਕੌਣ ਹੈ ਉਮੀਦਵਾਰ...