ਜਲੰਧਰ: ਆਦਮਪੁਰ ਇਲਾਕੇ ਦੇ ਪਿੰਡ ਸਾਲਵਾਂ ਦੇ ਰਹਿਣ ਵਾਲੇ 92 ਸਾਲ ਦੇ ਬਜ਼ੁਰਗ ਸਰਵਣ ਸਿੰਘ ਆਜ਼ਾਦੀ ਤੋਂ 75 ਸਾਲ ਬਾਅਦ ਪਾਕਿਸਤਾਨ ਵਿੱਚ ਰਹਿੰਦੇ ਭਤੀਜੇ ਨੂੰ ਮਿਲਿਆ। ਸਰਵਣ ਸਿੰਘ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਪਿਛਲੇ 75 ਸਾਲ ਤੋਂ ਆਪਣੇ ਪਾਕਿਸਤਾਨ ਵਿੱਚ ਰਹਿ ਰਹੇ ਭਤੀਜੇ ਮੋਹਨ ਸਿੰਘ ਜਿਨ੍ਹਾਂ ਦਾ ਇਸ ਵੇਲੇ ਨਾਮ ਮੁਹੰਮਦ ਅਸਾਲਿਖ ਹੈ ਨੂੰ ਲੱਭ ਰਹੇ ਸਨ। ਕੱਲ੍ਹ ਜਦ ਪਾਕਿਸਤਾਨ ਵਿਖੇ ਗੁਰੂਦੁਆਰਾ ਸ੍ਰੀ ਕਰਤਾਰ ਸਾਹਿਬ ਵਿਖੇ ਸਰਵਣ ਸਿੰਘ ਦੀ ਮੁਲਾਕਾਤ ਉਨ੍ਹਾਂ ਦੇ ਭਤੀਜੇ ਨਾਲ ਹੋਈ ਤਾਂ ਦੋਨਾਂ ਨੇ ਇੱਕ ਦੂਜੇ ਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਅੱਖਾਂ ਚੋਂ ਹੰਝੂ ਵਗਣੇ ਸ਼ੁਰੂ ਹੋ ਗਏ।
ਸਰਵਣ ਸਿੰਘ ਦੱਸਦੇ ਨੇ ਕਿ ਭਾਰਤ ਪਾਕਿਸਤਾਨ ਵੰਡ ਦੌਰਾਨ ਜਦ ਉਨ੍ਹਾਂ ਦਾ ਪੂਰਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਆ ਰਿਹਾ ਸੀ ਤਾਂ ਰਸਤੇ ਵਿੱਚ ਪਰਿਵਾਰ ਦੇ ਦੱਸ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਦਕਿ 5 ਹੀ ਦੇਸ਼ ਦੀ ਧਰਤੀ ਤੇ ਪੈਰ ਰੱਖ ਸਕੇ। ਉਹ ਦੱਸਦੇ ਨੇ ਕਿ ਉਸ ਵੇਲੇ ਉਨ੍ਹਾਂ ਦਾ ਇੱਕ ਭਤੀਜਾ ਜੋ ਕਿ ਉਨ੍ਹਾਂ ਦੇ ਸਭ ਤੋਂ ਵੱਡੇ ਭਰਾ ਦਾ ਬੇਟਾ ਹੈ ਅਤੇ ਓਸ ਵੇਲੇ ਉਸ ਦੀ ਉਮਰ ਮਹਿਜ਼ 6 ਸਾਲ ਸੀ ਜੋ ਪਾਕਿਸਤਾਨ ਵਿੱਚ ਹੀ ਰਹਿ ਗਿਆ ਸੀ। ਜਿਸ ਤੋਂ ਬਾਅਦ ਤੋਂ ਹੀ ਉਨ੍ਹਾਂ ਵੱਲੋਂ ਚਿੱਠੀਆਂ ਪਾ-ਪਾ ਕੇ ਉਸ ਦੀ ਭਾਲ ਕੀਤੀ ਗਈ, ਪਰ ਮੋਹਨ ਸਿੰਘ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਹੋ ਪਾਇਆ।
ਸਰਵਣ ਸਿੰਘ ਦੱਸਦੇ ਹਨ ਕਿ ਅੱਜ ਉਨ੍ਹਾਂ ਦੇ 2 ਬੇਟੇ ਕੈਨੇਡਾ ਵਿੱਚ ਸੈਟਲ ਹਨ ਅਤੇ ਬੀਟੀ ਪੰਜਾਬ ਦੇ ਆਦਮਪੁਰ ਨੇੜੇ ਇੱਕ ਪਿੰਡ ਵਿੱਚ ਰਹਿੰਦੀ ਹਨ। ਉਨ੍ਹਾਂ ਨੂੰ ਆਪਣਾ ਪਰਿਵਾਰ ਅਧੂਰਾ ਲੱਗਦਾ ਸੀ, ਕਿਉਂਕਿ ਉਨ੍ਹਾਂ ਦੇ ਇੱਕ ਬੇਟੇ ਦੀ ਮੌਤ ਉਦੋਂ ਹੋ ਗਈ ਜਦੋਂ ਉਹ ਮਹਿਜ਼ 55 ਸਾਲ ਦਾ ਸੀ ਅਤੇ ਉਨ੍ਹਾਂ ਦੀ ਮੁਲਾਕਾਤ ਪਾਕਿਸਤਾਨ ਵਿੱਚ ਰਹਿ ਰਹੇ ਉਨ੍ਹਾਂ ਦੇ ਭਤੀਜੇ ਨਾਲ ਵੀ ਨਹੀਂ ਹੋ ਪਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਲਏ ਗਏ ਇੰਟਰਵਿਊ ਪਾਕਿਸਤਾਨ ਵਿਖੇ ਭੇਜੇ ਗਏ ਅਤੇ ਪਾਕਿਸਤਾਨ ਦੇ ਕੁਝ ਲੋਕਾਂ ਵੱਲੋਂ ਇਸ ਮਾਮਲੇ ਵਿੱਚ ਪਹਿਲ ਕਰਦੇ ਹੋਏ ਪਾਕਿਸਤਾਨ ਵਿੱਚ ਉਨ੍ਹਾਂ ਦੇ ਭਤੀਜੇ ਦੀ ਭਾਲ ਸ਼ੁਰੂ ਕੀਤੀ ਗਈ। ਅਖ਼ੀਰ ਵਿੱਚ ਕੁਝ ਚੀਜ਼ਾਂ ਦੇ ਮਿਲਾਉਣ ਤੋਂ ਬਾਅਦ ਉਨ੍ਹਾਂ ਦੇ ਭਤੀਜੇ ਦੀ ਭਾਲ ਉਸ ਵੇਲੇ ਖ਼ਤਮ ਹੋ ਗਈ ਜਦ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਭਤੀਜਾ ਮੋਹਨ ਸਿੰਘ ਪਾਕਿਸਤਾਨ ਦੇ ਜ਼ਿਲ੍ਹਾ ਵਿਆਹਾਂ ਵਿੱਚ ਰਹਿੰਦਾ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ਜ਼ਰੀਏ ਉਨ੍ਹਾਂ ਦੀ ਇੱਕ ਦੂਜੇ ਨਾਲ ਗੱਲਬਾਤ ਸ਼ੁਰੂ ਹੋਈ। ਇਸ ਤੋਂ ਬਾਅਦ ਸਾਫ ਹੋ ਗਿਆ ਕਿ ਮੋਹਨ ਸਿੰਘ ਜਿਸਦਾ ਕਿ ਇਸ ਵੇਲੇ ਨਾਮ ਮੁਹੰਮਦ ਅਸਾਲਿਕ ਹੈ ਹੀ ਉਨ੍ਹਾਂ ਦਾ ਭਤੀਜਾ ਹੈ।
ਗੱਲਬਾਤ ਹੋਣ ਤੋਂ ਬਾਅਦ ਦੋਨਾਂ ਪਰਿਵਾਰਾਂ ਨੇ ਇੱਕ ਦੂਜੇ ਨਾਲ ਮੁਲਾਕਾਤ ਕਰਨ ਲਈ ਪਾਕਿਸਤਾਨ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਚੁਣਿਆ ਜਿਸ ਦੇ ਚੱਲਦੇ ਸਰਵਣ ਸਿੰਘ ਅਤੇ ਉਨ੍ਹਾਂ ਦੀ ਬੇਟੀ ਸ੍ਰੀ ਕਰਤਾਰਪੁਰ ਸਾਹਿਬ ਪੁੱਜੇ। ਸਰਵਣ ਸਿੰਘ ਦੱਸਦੇ ਹਨ ਕਿ ਕਰਤਾਰਪੁਰ ਸਾਹਿਬ ਪੁੱਜਣ 'ਤੇ ਉਨ੍ਹਾਂ ਦੇ ਭਤੀਜੇ ਸਮੇਤ ਉਨ੍ਹਾਂ ਦਾ ਪੂਰਾ ਪਰਿਵਾਰ ਜਿਸ ਵਿੱਚ ਉਨ੍ਹਾਂ ਦੇ 6 ਬੇਟੇ ਅਤੇ ਤਿੰਨ ਬੇਟੀਆਂ ਸਨ ਉਨ੍ਹਾਂ ਨੂੰ ਮਿਲਣ ਲਈ ਉੱਥੇ ਆਏ। ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਵੰਡ ਦੌਰਾਨ ਜਿੰਨੇ ਪਰਿਵਾਰਿਕ ਮੈਂਬਰ ਉਨ੍ਹਾਂ ਨੇ ਗਵਾਹੀ ਸੀ, ਗਿਣਤੀ ਵਿੱਚ ਉੱਨੇ ਹੀ ਉਨ੍ਹਾਂ ਨੂੰ ਇੱਕ ਵਾਰ ਫੇਰ ਮਿਲ ਗਏ।
ਸਰਵਣ ਸਿੰਘ ਮੁਤਾਬਕ ਉਹ ਹੁਣ ਬੇਹੱਦ ਖੁਸ਼ ਹੈ ਕਿਉਂਕਿ ਆਪਣੇ ਭਤੀਜੇ ਨਾਲ ਮੁਲਾਕਾਤ ਦੀ ਜੋ ਆਸ ਉਹ ਪਿਛਲੇ 75 ਵਰ੍ਹਿਆਂ ਤੋਂ ਲਗਾਈ ਬੈਠੇ ਸੀ ਉਹ ਹੁਣ ਪੂਰੀ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਭ ਲਈ ਉਹ ਦੋਨਾਂ ਸਰਕਾਰਾਂ ਦਾ ਵੀ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਖਾਸ ਤੌਰ 'ਤੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਤੋਂ ਬਾਅਦ ਇਹ ਸਭ ਕੁਝ ਮੁਮਕਿਨ ਹੋ ਪਾਇਆ ਹੈ।
ਸਰਵਣ ਸਿੰਘ ਦੀ ਦੋਹਤੀ ਤਰਨਜੀਤ ਕੌਰ ਦਾ ਕਹਿਣਾ ਹੈ ਕਿ ਇਹ ਸਭ ਕੁਝ ਸੋਸ਼ਲ ਮੀਡੀਆ ਦੇ ਜ਼ਰੀਏ ਸੰਭਵ ਹੋ ਸਕਿਆ, ਕਿਉਂਕਿ ਉਨ੍ਹਾਂ ਦੇ ਨਾਨਾ ਜੀ ਸਰਵਣ ਸਿੰਘ ਤਾਂ ਸ਼ੁਰੂ ਤੋਂ ਹੀ ਆਪਣੇ ਭਤੀਜੇ ਨੂੰ ਲੱਭਣ ਲਈ ਕਈ ਥਾਵਾਂ ਤੇ ਚਿੱਠੀਆਂ ਪਾ ਚੁੱਕੇ ਸਨ। ਉਨ੍ਹਾਂ ਚਿੱਠੀਆਂ ਦਾ ਜਵਾਬ ਤਾਂ ਆਉਂਦਾ ਸੀ, ਪਰ ਉਨ੍ਹਾਂ ਇਸ ਉਸ ਕੁਝ ਵੀ ਪਤਾ ਨਹੀਂ ਸੀ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਕੁਝ ਲੋਕਾਂ ਵੱਲੋਂ ਇਹ ਪਹਿਲ ਕੀਤੀ ਗਈ। ਪਹਿਲੇ ਸਰਵਣ ਸਿੰਘ ਦੀ ਵੀਡੀਓ ਬਣਾ ਕੇ ਪਾਕਿਸਤਾਨ ਨੂੰ ਭੇਜੀ ਗਈ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਭਤੀਜੇ ਦੀ ਵੀਡੀਓ ਇਨ੍ਹਾਂ ਨੂੰ ਦਿਖਾਈ ਗਈ।
ਕੁਝ ਨਿਸ਼ਾਨੀਆਂ ਜਿਨ੍ਹਾਂ ਵਿੱਚ ਖ਼ਾਸ ਤੌਰ 'ਤੇ ਉਨ੍ਹਾਂ ਦੇ ਭਤੀਜੇ ਦੇ ਇੱਕ ਹੱਥ ਦੀਆਂ 6 ਉਂਗਲਾਂ ਸ਼ਾਮਿਲ ਸਨ ਉਨ੍ਹਾਂ ਨੂੰ ਮਿਲਾਇਆ ਗਿਆ। ਇਸ ਤੋਂ ਬਾਅਦ ਇਹ ਸਾਫ਼ ਹੋ ਗਿਆ ਕਿ ਜਿਸ ਇਨਸਾਨ ਦੀਆਂ ਨਿਸ਼ਾਨੀਆਂ ਮਿਲਾਈਆਂ ਜਾ ਰਹੀਆਂ ਨੇ ਉਹੀ ਉਨ੍ਹਾਂ ਦਾ ਭਤੀਜਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਕਮੇਡੀਅਨ ਗੁਰਚੇਤ ਚਿੱਤਰਕਾਰ ’ਤੇ ਮਾਮਲਾ ਦਰਜ, ਜਾਣੋ ਕਾਰਨ...