ਹੁਸ਼ਿਆਰਪੁਰ : ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਵਿਸ਼ਵ ਭਰ ਦੇ ਲੋਕ ਪੀੜਤ ਹਨ। ਇਸ ਮਹਾਂਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਘਰਾਂ 'ਚ ਰਹਿ ਕੇ ਬਚਾਅ ਕਰਨ ਤੇ ਖ਼ਾਸ ਤੌਰ 'ਤੇ 'ਸਮਾਜਿਕ ਦੂਰੀ' ਕਾਇਮ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ।
ਜਿਥੇ ਸਿਹਤ ਵਿਭਾਗ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ 'ਸਮਾਜਿਕ ਦੂਰੀ' ਬਣਾ ਕੇ ਰੱਖਣ ਤੇ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਓਐੱਸਟੀਸੀ ਸੈਂਟਰ 'ਚ ਲੋਕ 'ਸਮਾਜਿਕ ਦੂਰੀ' ਦੀ ਸ਼ਰੇਆਮ ਧੱਜੀਆਂ ਉਡਾਉਂਦੇ ਹੋਏ ਨਜ਼ਰ ਆਏ।
ਈਟੀਵੀ ਭਾਰਤ ਦੀ ਟੀਮ ਸਿਵਲ ਹਸਪਤਾਲ ਦੇ ਓਐੱਸਟੀਸੀ ਸੈਂਟਰ ਪੁਜੀ ਤਾਂ ਇਥੇ ਨਸ਼ਾ ਛਡਾਉਣ ਦੀ ਦਵਾਈ ਹਾਸਲ ਕਰਨ ਆਏ ਲੋਕ 'ਸਮਾਜਿਕ ਦੂਰੀ' ਦੀ ਉਲੰਘਣਾ ਕਰਦੇ ਨਜ਼ਰ ਆਏ। ਇਨ੍ਹਾਂ 'ਚੋਂ ਕੁੱਝ ਲੋਕਾਂ ਨੇ ਮਾਸਕ ਪਾਏ ਸਨ ਤੇ ਕੁੱਝ ਨੇ ਨਹੀਂ।
ਇਸ ਸਬੰਧੀ ਜਦੋਂ ਸੈਂਟਰ ਦੇ ਕਾਊਂਸਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਥੇ ਮੌਜੂਦ ਡਾ. ਸ਼ਾਮ ਨੇ ਦੱਸਿਆ ਕਿ ਸਟਾਫ ਵੱਲੋਂ ਦਵਾਈ ਲੈਣ ਆਉਣ ਵਾਲੇ ਮਰੀਜ਼ਾਂ ਨੂੰ ਵਾਰ-ਵਾਰ ਸੋਸ਼ਲ ਡਿਸਟੈਂਸ ਸਬੰਧੀ ਸਮਝਾਏ ਜਾਣ ਤੋਂ ਬਾਅਦ ਵੀ ਲੋਕ ਨਹੀਂ ਮੰਨੇ। ਦੂਜੇ ਪਾਸੇ ਦਵਾਈ ਲੈਣ ਲਈ ਆਏ ਵਿਅਕਤੀਆਂ ਦਾ ਕਹਿਣਾ ਹੈ ਕਿ ਉਹ ਇੱਕ ਬਿਮਾਰੀ ਤੋਂ ਤਾਂ ਛੁਟਕਾਰਾ ਪਾ ਲੈਣਗੇ ਪ੍ਰੰਤੂ ਮਹਿਕਮੇ ਵੱਲੋਂ ਕੀਤੇ ਗਏ ਘਟੀਆ ਪ੍ਰਬੰਧਾਂ ਦੇ ਕਾਰਨ ਉਨ੍ਹਾਂ ਨੂੰ ਕੋਰੋਨਾ ਵਾਇਰਸ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।