ਗੜ੍ਹਸ਼ੰਕਰ: ਪੰਜਾਬ ਸਰਕਾਰ ਵਲੋਂ ਸੂਬੇ ਦੇ ਵਿਕਾਸ ਦੇ ਕਈ ਤਰ੍ਹਾਂ ਦੇ ਵਾਅਦੇ ਤੇ ਦਾਅਵੇ ਕੀਤੇ ਗਏ ਪਰ ਵਿਕਾਸ ਦੇ ਨਾਂਅ 'ਤੇ ਲੋਕਾਂ ਨੂੰ ਕਿਸ ਤਰ੍ਹਾਂ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਗੜ੍ਹਸ਼ੰਕਰ ਦੇ ਵਾਰਡ ਨੰਬਰ -1 ਵਿੱਚ ਜਿੱਥੇ ਸੀਵਰੇਜ ਬੋਰਡ ਵਲੋਂ ਸੀਵਰੇਜ ਦੇ ਕੰਮ ਕਰਨ ਤੋਂ ਬਾਅਦ ਖ਼ਰਾਬ ਹੋਈ ਸੜਕ ਦੀ ਹਾਲੇ ਤੱਕ ਮੁਰੰਮਤ ਨਹੀਂ ਕਰਵਾਈ ਗਈ।
ਗੜ੍ਹਸ਼ੰਕਰ ਦੇ ਵਾਰਡ ਨੰਬਰ -1 ਵਿੱਚ ਤਕਰੀਬਨ ਅੱਠ ਮਹੀਨੇ ਪਹਿਲਾਂ ਸੀਵਰੇਜ ਬੋਰਡ ਵੱਲੋਂ ਸੀਵਰੇਜ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਸੀਵਰੇਜ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਹਾਲੇ ਤੱਕ ਸੜਕ ਦੀ ਮੁੜ ਮੁਰੰਮਤ ਨਹੀਂ ਕਰਵਾਈ ਗਈ। ਇਸ ਨਾਲ ਵਾਰਡ ਵਾਸੀਆਂ ਦਾ ਜਿਉਣਾ ਮੁਸ਼ਕਲ ਹੋਇਆ ਪਿਆ ਹੈ।
ਰਾਹਗੀਰਾਂ ਨੂੰ ਭਾਰੀ ਦਿਕੱਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਵਿੱਚ ਪਏ ਹੋਏ ਵੱਡੇ-ਵੱਡੇ ਟੋਏ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ। ਇਸ ਕਾਰਨ ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਸੀਵਰੇਜ ਦੇ ਕੰਮ ਨੂੰ ਮੁਕੰਮਲ ਹੋਏ ਤਕਰੀਬਨ ਅੱਠ ਮਹੀਨੇ ਦਾ ਸਮਾਂ ਬੀਤ ਚੁਕਿਆ ਹੈ, ਪਰ ਹਾਲੇ ਤੱਕ ਨਾ ਤਾਂ ਸੀਵਰੇਜ ਬੋਰਡ ਤੇ ਨਾ ਹੀ ਨਗਰ ਕੌਂਸਲ ਵਲੋਂ ਇਸ ਖਰਾਬ ਸੜਕ ਨੂੰ ਠੀਕ ਕਰਨ ਦਾ ਕੋਈ ਉਪਰਾਲਾ ਕੀਤਾ ਗਿਆ।
ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਦੇ ਖਰਾਬ ਹੋਣ ਕਾਰਨ ਕਿਸੇ ਸਮੇਂ ਵੀ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਦੂਜੇ ਪਾਸੇ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸੜਕ ਨੂੰ ਜਲਦ ਹੀ ਸੀਵਰੇਜ ਬੋਰਡ ਵਲੋਂ ਬਣਾ ਦਿੱਤਾ ਜਾਵੇਗਾ। ਇਸ ਸੜਕ ਦੀ ਮੁਰੰਮਤ ਵਿੱਚ ਹੋਈ ਦੇਰੀ 'ਤੇ ਬੋਲਦੇ ਹੋਏ ਅਧਿਕਾਰੀ ਨੇ ਕਿਹਾ ਕਿ ਮੌਸਮ ਖਰਾਬ ਹੋਣ ਕਾਰਨ ਹੀ ਇਸ ਸੜਕ ਦੀ ਮੁਰੰਮਤ ਸਹੀ ਸਮੇਂ 'ਤੇ ਨਹੀ ਹੋ ਪਾਈ।
ਤੁਹਾਨੂੰ ਦੱਸ ਦਈਏ ਕਿ ਇਸੇ ਸੜਕ ਉੱਪਰ ਲੜਕੀਆਂ ਦਾ ਕਾਲਜ ਹੈ। ਸੜਕ ਦੇ ਖਰਾਬ ਹੋਣ ਕਾਰਨ ਕਾਲਜ ਪੜ੍ਹਣ ਆਉਣ ਵਾਲੀਆਂ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।