ਹੁਸ਼ਿਆਰਪੁਰ: ਪੁਰਾਣੇ ਸਮੇਂ 'ਚ ਲੋਕ ਪਿੱਤਲ ਦੇ ਭਾਂਡਿਆ ਵਿੱਚ ਖਾਣਾ ਬਣਾਉਣਾ ਅਤੇ ਖਾਣਾ ਪਸੰਦ ਕਰਦੇ ਸਨ, ਪਰ ਅੱਜ ਦੇ ਸਮੇਂ 'ਚ ਸਟੀਲ, ਪਲਾਸਟਿਕ ਅਤੇ ਹੋਰਨਾਂ ਭਾਂਡਿਆਂ ਨੇ ਇਨ੍ਹਾਂ ਦੀ ਥਾਂ ਲੈ ਲਈ। ਜਿਸ ਦੇ ਚਲਦਿਆਂ ਭਾਂਡੇ ਕਲੀ ਕਰਨ ਦੀ ਕਲਾ ਲੁਪਤ ਹੋ ਰਹੀ ਹੈ।
ਇੱਕ ਸਮਾਂ ਸੀ ਜਦੋਂ ਅਕਸਰ ਹੀ ਗਲੀਆਂ 'ਚ ਭਾਂਡੇ ਕਲੀ ਕਰਾ ਲਵੋਂ ਵਰਗੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਸਨ, ਪਰ ਮੌਜੂਦਾ ਸਮੇਂ 'ਚ ਅਜਿਹੀਆਂ ਆਵਾਜ਼ਾਂ ਸੁਣਨ ਤੇ ਭਾਂਡੇ ਕਲੀ ਕਰਨ ਵਾਲੇ ਲੋਕਾਂ ਬਾਰੇ ਸ਼ਾਇਦ ਹੀ ਕੋਈ ਜਾਣਦਾ ਹੋਵੇ।
ਹੁਸ਼ਿਆਰਪੁਰ ਦੇ 84 ਸਾਲਾਂ ਬਜ਼ੁਰਗ ਅਜੀਤ ਰਾਮ ਭਾਂਡੇ ਕਲੀ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ 25 ਸਾਲ ਦੀ ਉਮਰ 'ਚ ਉਨ੍ਹਾਂ ਨੇ ਆਪਣੇ ਪਿਤਾ ਨਾਲ ਇਸ ਕੰਮ ਦੀ ਸ਼ੁਰੂਆਤ ਕੀਤੀ ਸੀ। ਇਹ ਕੰਮ ਕਰ ਕੇ ਹੀ ਉਹ ਆਪਣੇ ਪਰਿਵਾਰ ਨੂੰ ਪਾਲਦੇ ਹਨ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ 'ਚ ਲੋਕ ਪਿੱਤਲ ਦੇ ਭਾਂਡੇ ਵਰਤਦੇ ਸਨ ਤੇ ਉਸ ਨੂੰ ਕਲੀ ਕਰਵਾਉਂਦੇ ਸਨ। ਹੁਣ ਸਟੀਲ, ਪਲਾਸਟਿਕ ਅਤੇ ਹੋਰਨਾਂ ਧਾਤਾਂ ਨਾਲ ਬਣੇ ਭਾਂਡਿਆਂ ਨੇ ਇਨ੍ਹਾਂ ਦੀ ਥਾਂ ਲੈ ਲਈ ਹੈ। ਜਿਸ ਦੇ ਚਲਦਿਆਂ ਹੁਣ ਲੋਕ ਨਾ ਹੀ ਪਿੱਤਲ ਦੇ ਭਾਂਡੇ ਵਰਤਦੇ ਹਨ ਤੇ ਨਾ ਹੀ ਕਲੀ ਕਰਵਾਉਂਦੇ ਹਨ।
ਅਜੀਤ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਰਕਾਰੀ ਮਦਦ ਨਹੀਂ ਮਿਲਦੀ ਅਤੇ ਕਾਰੋਬਾਰ ਠੱਪ ਪੈ ਜਾਣ ਦੇ ਚਲਦਿਆਂ ਅਜੀਤ ਰਾਮ ਬੁਢਾਪੇ ਵਿੱਚ ਮੁਸ਼ਕਿਲ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਹੈ।
ਪੰਜਾਬੀ ਸਭਿਆਚਾਰ 'ਚ ਜਿਥੇ ਪਿੱਤਲ ਦੇ ਭਾਂਡੇ ਆਪਣੀ ਵੱਖਰੀ ਪਛਾਣ ਰੱਖਦੇ ਹਨ, ਉਥੇ ਦੂਜੇ ਪਾਸੇ ਲੋਕ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਵਾ ਕੇ ਵਰਤਣਾ ਬੇਹੱਦ ਪਸੰਦ ਕਰਦੇ ਸਨ, ਪਰ ਹੌਲੀ-ਹੌਲੀ ਭਾਂਡੇ ਕਲੀ ਕਰਨ ਦੀ ਕਲਾ ਲੁਪਤ ਹੁੰਦੀ ਜਾ ਰਹੀ ਹੈ। ਇਸ ਕੰਮ ਨਾਲ ਜੁੜੇ ਲੋਕ ਰੋਜ਼ੀ ਰੋਟ ਤੇ ਆਪਣੀ ਹੋਂਦ ਦੀ ਲੜਾਈ ਲੜ੍ਹ ਰਹੇ ਹਨ।