ਹੁਸ਼ਿਆਰਪੁਰ: ਕੋਰੋਨਾ ਸੰਕਟ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿੱਚ ਸਾਰੇ ਸਿੱਖਿਆ ਸੰਸਥਾਨ ਬੰਦ ਹਨ ਉੱਥੇ ਹੀ ਪੰਜਾਬ ਸਰਕਾਰ ਨੇ ਬੱਚਿਆਂ ਨੂੰ ਸਿੱਖਿਆ ਨਿਰੰਤਰ ਜਾਰੀ ਰੱਖਣ ਲਈ ਆਨਲਾਈਨ ਮਾਧਿਅਮ ਸ਼ੁਰੂ ਕੀਤਾ ਹੈ। ਹੁਸ਼ਿਆਰਪੁਰ ਦੇ ਰੁਜ਼ਗਾਰ ਦਫ਼ਤਰ ਵੱਲੋਂ ਲੌਕਡਾਊਨ ਦੌਰਾਨ ਇੱਕ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਈ-ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਾਲ ਘਰ ਬੈਠੇ ਹੀ ਆਪਣੇ ਆਲੇ-ਦੁਆਲੇ ਤੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਵਿੱਚ ਹਰ ਇੱਕ ਵਰਗ ਦਾ ਧਿਆਨ ਰੱਖਿਆ ਗਿਆ ਹੈ।
ਈ-ਲਾਇਬ੍ਰੇਰੀ 'ਚ ਅਖ਼ਬਾਰ, ਮੈਗਜ਼ੀਨ, ਨਾਵਲ ਤੇ ਹੋਰ ਵਡਮੁੱਲੀ ਜਾਣਕਾਰੀ ਅਪਲੋਡ ਕੀਤੀ ਗਈ ਹੈ। ਜ਼ਿਲ੍ਹਾ ਰੁਜ਼ਗਾਰ ਵਿਭਾਗ ਦੀ ਟੀਮ ਨੇ ਦੱਸਿਆ ਕਿ ਕੋਰੋਨਾ ਨੂੰ ਲੈ ਕੇ ਜਿੱਥੇ ਸਮਾਜਕ ਦੂਰੀ ਕਾਰਨ ਸਕੂਲ-ਕਾਲਜ ਬੰਦ ਰੱਖੇ ਗਏ ਹਨ, ਉੱਥੇ ਹੀ ਉਨ੍ਹਾਂ ਵੱਲੋਂ ਬਣਾਈ ਗਈ ਲਾਇਬ੍ਰੇਰੀ ਘਰ ਬੈਠੇ ਬੱਚਿਆਂ ਦੀਆਂ ਸਿੱਖਿਆ ਹਾਸਲ ਕਰਨ 'ਚ ਮਦਦ ਕਰੇਗੀ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਈ ਲਾਇਬ੍ਰੇਰੀ ਵਿੱਚ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ ਅਤੇ ਹਰ ਰੋਜ਼ ਇਸ ਨੂੰ ਅਪਡੇਟ ਕੀਤਾ ਜਾਂਦਾ ਹੈ।
ਦੂਜੇ ਪਾਸੇ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਪਹਿਲਕਦਮੀ ਨੂੰ ਦੇਖਦੇ ਹੋਏ ਟਰੈਕਟਰ ਰੁਜ਼ਗਾਰ ਪੰਜਾਬ ਨੇ ਇਸ ਨੂੰ ਪੂਰੇ ਪੰਜਾਬ ਵਿੱਚ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਜਨਤਾ ਨੂੰ ਇਸ ਦਾ ਫ਼ਾਇਦਾ ਮਿਲ ਸਕੇ ਤੇ ਲੌਕਡਾਊਨ ਦੀ ਸਥਿਤੀ ਵਿੱਚ ਲੋਕ ਘਰ ਬੈਠੇ ਇਸ ਦਾ ਲਾਭ ਉਠਾ ਸਕਣ।