ਹੁਸ਼ਿਆਰਪੁਰ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਗੈਰ ਸੰਚਾਰਿਤ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਵੈਨ ਚਲਾਈ ਗਈ ਹੈ। ਇਹ ਵੈਨ ਵੱਖ-ਵੱਖ ਜ਼ਿਲ੍ਹਿਆਂ 'ਚ ਦੋ-ਦੋ ਦਿਨ ਲਈ ਜਾਂਦੀ ਹੈ। ਇਸੇ ਕੜੀ 'ਚ ਇਹ ਵੈਨ ਦੋ ਦਿਨਾਂ ਲਈ ਹੁਸ਼ਿਆਰਪੁਰ ਵਿਖੇ ਪੁੱਜੀ। ਆਈਈਸੀ ਵੈਨ ਰਾਹੀਂ ਲੋਕਾਂ ਨੂੰ ਵੀਡੀਓ ਤੇ ਪੋਸਟਰਾਂ ਰਾਹੀਂ ਲੋਕਾਂ ਨੂੰ ਅਧਰੰਗ, ਕੈਂਸਰ, ਡਾਈਬਟੀਜ਼ ਆਦਿ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਥੋਂ ਦੇ ਨੋਡਲ ਅਧਿਕਾਰੀ ਡਾ. ਰਜਿੰਦਰ ਰਾਜ ਤੇ ਸਹਾਇਕ ਐਸਮਓ ਡਾ.ਪਵਨ ਕੁਮਾਰ ਨੇ ਹਰੀ ਝੰਡੀ ਵਿਖਾ ਕੇ ਵੈਨ ਨੂੰ ਸ਼ਹਿਰ ਲਈ ਰਵਾਨਾ ਕੀਤਾ। ਪਹਿਲੇ ਦਿਨ ਸਿਵਲ ਹਸਪਤਾਲ ਦੇ ਓਪੀਡੀ ਸਾਹਮਣੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਮੌਜੂਦ ਵੈਨ ਦੀ ਡਾਕਟਰੀ ਟੀਮ ਨੇ ਲੋਕਾਂ ਦੇ ਡਾਈਬਟੀਜ਼ ਤੇ ਬਲੱਡ ਪ੍ਰੈਸ਼ਰ ਆਦਿ ਚੈਕ ਕੀਤੇ ਗਏ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਦੱਸਿਆ ਕੋਰੋਨਾ ਕਾਲ ਦੇ ਦੌਰਾਨ ਡਾਈਬਟੀਜ਼, ਕੈਂਸਰ ਅਧਰੰਗ ਵਰਗੀ ਗੈਰ ਸੰਚਾਰਿਤ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਵੱਧ ਗਿਆ ਹੈ। ਇਸ ਲਈ ਅਜਿਹੇ ਸਮੇਂ 'ਚ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ ਬੇਹਦ ਲਾਜ਼ਮੀ ਹੈ। ਇਸ ਆਈਈਸੀ ਵੈਨ ਰਾਹੀਂ ਸ਼ਹਿਰ ਵਾਸੀਆਂ ਨੂੰ ਕੋਰੋਨਾ ਵਾਇਰਸ, ਡਾਈਬਟੀਜ਼, ਕੈਂਸਰ ਆਦਿ ਹੋਰਨਾਂ ਰੋਗਾਂ ਲਈ ਸਮੇਂ-ਸਮੇਂ 'ਤੇ ਜਾਗਰੂਕ ਕੀਤਾ ਜਾਵੇਗਾ। ਇਹ ਵੈਨ ਪਿੰਡ-ਪਿੰਡ ਜਾ ਕੇ ਅਤੇ ਸ਼ਹਿਰ ਦੇ ਹਸਪਤਾਲਾਂ 'ਚ ਜਾ ਕੇ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਪ੍ਰਤੀ ਬਚਾਅ ਲਈ ਜਾਗਰੂਕ ਕਰੇਗੀ।
ਇਸ ਮੌਕੇ ਨੋਡਲ ਅਫਸਰ ਡਾ. ਰਜਿੰਦਰ ਰਾਜ ਨੇ ਦੱਸਿਆ, "ਪੰਜਾਬ ਸਰਕਾਰ ਵੱਲੋਂ ਐਨਪੀਸੀਡੀਸੀਐਸ ਪ੍ਰੋਗਰਾਮ ਤਹਿਤ ਸਾਰੀਆਂ ਹੀ ਸਿਹਤ ਸੰਸਥਾਵਾਂ ਤੇ ਐਨਸੀਡੀ ਕਲੀਨਕਾਂ ਉੱਤੇ 30 ਸਾਲਾਂ ਤੋਂ ਵੱਧ ਦੀ ਉਮਰ ਦੇ ਲੋਕਾਂ ਲਈ ਬੱਲਡ ਪ੍ਰੈਸ਼ਰ , ਖ਼ੂਨ ਦੀ ਜਾਂਚ ਤੇ ਡਾਈਬਟੀਜ਼ ਵਰਗੀਆਂ ਬਿਮਾਰੀਆਂ ਸਬੰਧੀ ਟੈਸਟ ਦੀ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਦੇ ਨਾਲ-ਨਾਲ ਕਾਊਂਸਲਿੰਗ ਤੇ ਮਰੀਜ਼ਾਂ ਨੂੰ ਇਲਾਜ ਸਬੰਧੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਥੇ-ਜਿਥੇ ਵੀ ਜਾਗਰੂਕਤਾ ਵੈਨ ਪਹੁੰਚੇਗੀ, ਉਥੇ ਸਿਹਤ ਵਿਭਾਗ ਦੀ ਡਾਕਟਰੀ ਟੀਮ ਵੱਲੋਂ ਮੁਫ਼ਤ ਚੈਅਕਪ ਦੀ ਸੁਵਿਧਾ ਦਿੱਤੀ ਗਈ ਹੈ। ਇਲਾਜਯੋਗ ਮਰੀਜਾਂ ਦਾ ਇਲਾਜ ਐਨਸੀਡੀਸੈਲ ਵਿਖੇ ਕੀਤਾ ਜਾਵੇਗਾ। 6 ਨਵੰਬਰ ਨੂੰ ਇਹ ਜਾਗਰੂਕਤਾ ਵੈਨ ਟਾਂਡਾ ਹਸਪਤਾਲ , ਸਬ ਡਿਵੀਜ਼ਨ ਹਸਪਤਾਲ ਦਸੂਹਾਂ ਅਤੇ ਮੁਕੇਰੀਆਂ ਵਿਖੇ ਜਾਗਰੂਕਤਾ ਵੱਜੋਂ ਪਹੁਚੇਗੀ । ਉਨ੍ਹਾਂ ਕਿਹਾ ਕਿ ਪਿੰਡ-ਪਿੰਡ ਤੇ ਸ਼ਹਿਰ ਦੇ ਸਾਰੇ ਸਿਹਤ ਅਦਾਰਿਆਂ ਤੱਕ ਪਹੁੰਚ ਕੇ ਇਹ ਵੈਨ ਲੋਕਾਂ ਨੂੰ ਜਾਗਰੂਕ ਕਰੇਗੀ।