ਹੁਸ਼ਿਆਰਪੁਰ : ਗੁੜ ਤਿਆਰ ਕਰ ਵਧੀਆ ਮੁਨਾਫਾ ਕਮਾਉਣ ਲਈ ਕੁਝ ਵੇਲਨਾ ਮਾਲਿਕ ਹੋਰਨਾਂ ਸੂਬਿਆਂ ਤੋਂ ਘਟੀਆ ਕੁਆਲਿਟੀ ਦਾ ਗੁੜ ਮੰਗਵਾ, ਉਸ ਨੂੰ ਨਵੇਂ ਰੂਪ 'ਚ ਢਾਲ ਕੇ ਲੋਕਾਂ ਨੂੰ ਮਿੱਠਾ ਜ਼ਹਿਰ ਵੇਚਦੇ ਹਨ।
ਸਿਹਤ ਵਿਭਾਗ ਵੱਲੋਂ ਗੂਪਤ ਸੂਚਨਾ ਦੇ ਆਧਾਰ 'ਤੇ ਸ਼ਹਿਰ 'ਚ ਸੜਕ ਕਿਨਾਰੇ ਗੁੜ ਤਿਆਰ ਕਰਨ ਵਾਲੇ ਵੇਲਨਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਥੇ ਇੱਕ ਵੇਲਨਾ ਮਾਲਿਕ ਕੋਲੋਂ 40 ਕੁਇੰਟਲ ਦੇ ਲਗਭਗ ਨਕਲੀ ਗੁੜ ਬਰਾਮਦ ਕੀਤਾ ਗਿਆ ਹੈ।
ਸਿਹਤ ਵਿਭਾਗ ਦੇ ਡੀਐਚਓ ਅਧਿਕਾਰੀ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗੁੜ ਤਿਆਰ ਕਰਨ ਵਾਲੇ ਕੁਝ ਵੇਲਨਾ ਮਾਲਿਕ ਹੋਰਨਾਂ ਸੂਬਿਆਂ ਤੋਂ ਘਟੀਆ ਕਿਸਮ ਦਾ ਗੁੜ ਤੇ ਖੰਡ ਮੰਗਵਾ ਕੇ ਉਸ ਨਾਲ ਕੈਮੀਕਲ ਤੇ ਗੰਨੇ ਦੀ ਰਸ ਨਾਲ ਮਿਲਾ ਕੇ ਮਿਲਾਵਟੀ ਗੁੜ ਤਿਆਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਉਨ੍ਹਾਂ ਨੇ 40 ਕੁਇੰਟਲ ਮਿਲਾਵਟੀ ਗੁੜ ਬਰਾਮਦ ਕੀਤਾ ਹੈ। ਇਸ ਚੋਂ ਕੁੱਝ ਗੁੜ ਨੂੰ ਮਿੱਟੀ 'ਚ ਦਬਾ ਕੇ ਨਸ਼ਟ ਕਰ ਦਿੱਤਾ ਗਿਆ। ਇਸ ਦੇ ਕਈ ਸੈਂਪਲ ਲੈਬ ਵਿੱਚ ਟੈਸਟਿੰਗ ਲਈ ਭੇਜੇ ਗਏ ਹਨ।
ਹੋਰ ਪੜ੍ਹੋ : ਕੈਪਟਨ ਸਰਕਾਰ ਦੀ ਅਣਗਿਹਲੀ ਕਾਰਨ ਅਟਲ ਭੂ ਜਲ ਯੋਜਨਾ ਤੋਂ ਵਾਂਝਾ ਪੰਜਾਬ: ਚੰਦੂਮਾਜਰਾ
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਵੇਲਨਾ ਮਾਲਿਕਾਂ ਤੇ ਕਿਸਾਨਾਂ ਨੂੰ ਚੰਗੀ ਕੁਵਾਲਿਟੀ ਦਾ ਗੁੜ ਤਿਆਰ ਕਰਨ ਦੀ ਮੁਫ਼ਤ ਸਿਖਲਾਈ ਦਿੱਤੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਬਿਨ੍ਹਾਂ ਮਿਲਾਵਟ ਅਤੇ ਕੈਮੀਕਲ ਰਹਿਤ ਗੁੜ ਬਣਾਉਣ ਦੀ ਹਿਦਾਇਤ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਠੰਡ ਦੇ ਮੌਸਮ 'ਚ ਗੁੜ ਜਿਥੇ ਸਿਹਤ ਲਈ ਵਧੀਆ ਹੈ, ਉਥੇ ਹੀ ਦੂਜੇ ਪਾਸੇ ਮਿਲਾਵਟੀ ਅਤੇ ਕੈਮਿਕਲ ਵਾਲਾ ਗੁੜ ਮਨੁੱਖ ਲਈ ਜਾਨਲੇਵਾ ਸਾਬਿਤ ਹੋ ਸਕਦਾ ਹੈ। ਡਾ. ਸੁਰਿੰਦਰ ਨੇ ਦੱਸਿਆ ਕਿ ਖ਼ਰਾਬ ਗੁੜ ਖਾਣ ਨਾਲ ਕੈਂਸਰ ਵਰਗੀ ਕਈ ਬਿਮਾਰੀਆਂ ਹੋਣ ਦਾ ਡਰ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਚੰਗੀ ਕੁਵਾਲਿਟੀ ਅਤੇ ਸਾਫ਼ ਸੁਥਰੀ ਥਾਂ ਤੋਂ ਗੁੜ ਖ਼ਰੀਦਨ ਲਈ ਕਿਹਾ।