ਹੁਸ਼ਿਆਰਪੁਰ:ਮੁਕੇਰੀਆ ‘ਚ ਸ਼ਮਸ਼ਾਨਘਾਟ ਚ ਕੋਰੋਨਾ ਕਾਰਨ ਮੌਤ ਹੋਈ ਮਾਂ ਦਾ ਸਸਕਾਰ ਕਰਨ ਪੁੱਜੇ ਪਰਿਵਾਰ ਦੇ ਨਾਲ ਮੁਹੱਲੇ ਦੇ ਕੁਝ ਲੋਕਾਂ ਦੇ ਵੱਲੋਂ ਉਨਾਂ ਦੀ ਕੁੱਟਮਾਰ ਕੀਤੀ ਗਈ ਹੈ।
ਪੀੜਤ ਰਾਜੀਵ ਕੁਮਾਰ ਨਿਵਾਸੀ ਬਾਦਲ ਮਾਰਕੀਟ ਮੁਕੇਰੀਆ ਜੋ ਕਿ ਪੰਜਾਬ ਵਿਧਾਨ ਸਭਾ ’ਚ ਡਿਪਟੀ ਵਾਚ ਐਂਡ ਵਾਰਡ ਅਫਸਰ ਹੈ । ਉਨਾਂ ਦੀ ਮਾਤਾ ਸਰਿਸ਼ਟਾ ਦੇਵੀ ਪਤਨੀ ਰਮੇਸ਼ ਚੰਦ ਦੀ ਸ਼ਨੀਵਾਰ ਦਸੂਹਾ ਦੇ ਸਰਕਾਰੀ ਹਸਪਤਾਲ ਵਿਚ ਕੋਰੋਨਾ ਬੀਮਾਰੀ ਕਾਰਨ ਮੌਤ ਹੋ ਗਈ। ਜਦੋਂ ਉਹ ਐਂਬੂਲੈਂਸ ਲੈ ਕੇ ਲਾਸ਼ ਦਾ ਸਸਕਾਰ ਕਰਨ ਲਈ ਮੁਹੱਲਾ ਖੁਰਸ਼ੀਦਪੁਰ ਵਿਖੇ ਸਥਿਤ ਡੇਰਾ ਬਾਬਾ ਸਤਨਾਮ ਸ਼ਿਵਪੁਰੀ ਮੁਕੇਰੀਆ ਪਹੁੰਚੇ ਤਾਂ ਸ਼ਮਸ਼ਾਨਘਾਟ ’ਚ ਪਹਿਲਾਂ ਤੋਂ ਮੌਜੂਦ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਲਾਸ਼ ਦਾ ਅੰਤਿਮ ਸੰਸਕਾਰ ਕਰਨ ਤੋਂ ਮਨ੍ਹਾ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਵਿਰੋਧ ਕਰਨ ’ਤੇ ਇਨ੍ਹਾਂ ਅਣਪਛਾਤੇ ਨੌਜਵਾਨਾਂ ਨੇ ਮੇਰੇ ਅਤੇ ਮੇਰੇ ਪਰਿਵਾਰ ਦੇ ਮੈਂਬਰਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਵੇਖਦੇ ਹੀ ਵੇਖਦੇ 20-25 ਨੌਜਵਾਨਾਂ ਨੇ ਐਂਬੂਲੈਂਸ ਗੱਡੀ ਜਿਸ ਵਿਚ ਮੇਰੀ ਮਾਂ ਦੀ ਲਾਸ਼ ਪਈ ਹੋਈ ਸੀ ਉਸਨੂੰ ਸ਼ਮਸ਼ਾਨਘਾਟ ਦੇ ਗੇਟ ਤੋਂ ਬਾਹਰ ਕੱਢ ਦਿੱਤਾ।
ਘਟਨਾ ਦਾ ਪਤਾ ਚੱਲਦਿਆਂ ਹੀ ਤੁਰੰਤ ਥਾਣਾ ਮੁਖੀ ਬਲਵਿੰਦਰ ਸਿੰਘ ਘਟਨਾ ਵਾਲੀ ਜਗ੍ਹਾ ’ਤੇ ਭਾਰੀ ਪੁਲਸ ਫੋਰਸ ਲੈ ਕੇ ਪੁੱਜੇ। ਉਨ੍ਹਾਂ ਤੁਰੰਤ ਸ਼ਮਸ਼ਾਨਘਾਟ ਦੇ ਆਸਪਾਸ ਦੇ ਇਲਾਕੇ ਦੀ ਨਾਕਾਬੰਦੀ ਕਰਕੇ ਲਾਸ਼ ਨੂੰ ਸ਼ਮਸ਼ਾਨਘਾਟ ਮੰਗਵਾਇਆ।ਫਿਰ ਜਾ ਕੇ ਰਾਜੀਵ ਕੁਮਾਰ ਨੇ ਪੀ. ਪੀ. ਈ. ਕਿੱਟ ਪਾ ਕੇ ਸਿਹਤ ਕਰਮਚਾਰੀਆਂ ਦੀ ਦੇਖ-ਰੇਖ ਅਤੇ ਥਾਣਾ ਮੁਖੀ ਬਲਵਿੰਦਰ ਸਿੰਘ ਦੀ ਮੌਜੂਦਗੀ ’ਚ ਆਪਣੀ ਮਾਤਾ ਦੀ ਲਾਸ਼ ਨੂੰ ਅਗਨੀ ਭੇਟ ਕੀਤਾ। ਇਸ ਮੌਕੇ ਏਐਸਆਈ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਮੁਹੱਲੇ ਦੇ ਕੁਝ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਅਸਲ ਮੁਲਜ਼ਮਾਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ