ਹੁਸ਼ਿਆਰਪੁਰ: ਗੜ੍ਹਸ਼ੰਕਰ ਅਤੇ ਸ੍ਰੀ ਅਨੰਦਪੁਰ ਸਾਹਿਬ (Sri Anandpur Sahib ) ਰੋਡ 'ਤੇ ਸਥਿਤ ਪਿੰਡ ਬੜਾ ਵਿਖੇ ਇਕ ਮਿੰਨੀ ਬੱਸ ਨੂੰ ਘੇਰ ਕੇ ਬੱਸ ਦੇ ਮਾਲਕ ਜੋ ਖ਼ੁਦ ਕੰਡਕਟਰੀ ਕਰਦਾ ਹੈ ਤੇ ਬੱਸ ਦੇ ਡਰਾਈਵਰ ਦੀ ਕੁੱਟਮਾਰ ਕਰਦਿਆਂ ਨੌਜਵਾਨ ਕੰਡਕਟਰ ਦੇ ਕੇਸਾਂ ਦੀ ਬੇਅਦਬੀ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਬੱਸ ਦੇ ਮਾਲਕ ਅਮਨਦੀਪ ਸਿੰਘ ਦੱਸਿਆ ਕਿ ਉਨ੍ਹਾਂ ਦੀ ਆਪਣੀ ਅਮਨ ਬੈਂਸ ਬੱਸ ਗੜ੍ਹਸ਼ੰਕਰ ਤੋਂ ਖੁਰਾਲਗੜ੍ਹ ਸਾਹਿਬ ਰੂਟ 'ਤੇ ਚੱਲਦੀ ਹੈ ਅਤੇ ਬੱਸ ਨੂੰ ਅਜੇ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਭਵਾਨੀਪੁਰ ਚਲਾਉਂਦਾ ਹੈ। ਅਮਨਦੀਪ ਸਿੰਘ ਨੇ ਦੱਸਿਆ ਕਿ ਸ਼ਹਿਰ 'ਚ ਲੋਕਲ ਚੱਲਣ ਵਾਲੇ ਆਟੋ ਵਾਲੇ ਪਿੰਡਾਂ ਵਿਚ ਜਾ ਕੇ ਸਵਾਰੀਆ ਚੁੱਕ ਕੇ ਸਾਡਾ ਨੁਕਸਾਨ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਸਾਡੀ ਬੱਸ ਅੱਗੇ-ਅੱਗੇ ਸਵਾਰੀਆਂ ਚੁੱਕਣ ਵਾਲੇ ਆਟੋ ਚਾਲਕ ਨੂੰ ਅਜਿਹਾ ਨਾ ਕਰਨ ਤੋਂ ਰੋਕਿਆ ਸੀ।
ਅਮਨਦੀਪ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਗੜ੍ਹਸ਼ੰਕਰ ਤੋਂ ਖੁਰਾਲਗੜ੍ਹ ਸਾਹਿਬ (Garhshankar to Khuralgarh Sahib) ਨੂੰ ਜਾ ਰਹੇ ਸੀ ਤਾਂ ਪਿੰਡ ਬੜਾ ਵਿਖੇ ਵੱਡੀ ਗਿਣਤੀ 'ਚ ਇਕੱਤਰ ਵਿਅਕਤੀਆਂ ਜਿਨ੍ਹਾਂ 'ਚ ਕੁੱਝ ਆਟੋ ਵਾਲੇ ਵੀ ਸ਼ਾਮਿਲ ਹਨ ਅਤੇ ਬੱਸ ਨੂੰ ਘੇਰ ਕੇ ਸਾਡੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ।
ਅਮਨਦੀਪ ਸਿੰਘ ਨੇ ਦੱਸਿਆ ਕਿ ਕੁੱਟਮਾਰ ਦੌਰਾਨ ਮੇਰੀ ਦਸਤਾਰ ਵੀ ਉੱਤਰ ਗਈ ਤੇ ਕੁੱਟਮਾਰ ਕਰਨ ਵਾਲਿਆਂ ਨੇ ਮੇਰੇ ਕੇਸਾਂ ਦੀ ਵੀ ਬੇਅਦਬੀ ਕੀਤੀ। ਇਸ ਦੌਰਾਨ ਕੁੱਟਮਾਰ ਕੀਤੇ ਜਾਣ ਨਾਲ ਬੱਸ ਚਾਲਕ ਅਜੇ ਕੁਮਾਰ ਸੱਟਾਂ ਲੱਗਣ ਨਾਲ ਜ਼ਖ਼ਮੀ ਹੋ ਗਿਆ। ਬੱਸ ਮਾਲਕ ਅਮਨਦੀਪ ਸਿੰਘ ਤੇ ਡਰਾਈਵਰ ਅਜੇ ਕੁਮਾਰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖ਼ਲ ਹਨ। ਉਨ੍ਹਾਂ ਇਸ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ:ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼