ਗੁਰਦਾਸਪੁਰ :ਕਸਬਾ ਦੀਨਾਨਗਰ ਦੇ ਸਿੰਘੋਵਾਲ ਰੋਡ ਤੇ ਪੈਂਦੇ ਇੱਕ ਸ਼ਰਾਬ ਦੇ ਠੇਕੇ 'ਤੇ ਦੋ ਅਣਪਛਾਤੇ ਲੋਕਾਂ ਵੱਲੋਂ ਫਾਈਰਿੰਗ ਕੀਤੇ ਜਾਣ ਦੀ ਖ਼ਬਰ ਹੈ। ਮੁਲਜ਼ਮਾਂ ਨੇ ਠੇਕੇ 'ਤੇ ਕੰਮ ਕਰਨ ਵਾਲੇ ਇੱਕ ਸੇਲਜ਼ਮੈਨ 'ਤੇ ਗੋਲੀਆਂ ਚਲਾਈਆਂ। ਇਸ ਫਾਈਰਿੰਗ 'ਚ ਸੇਲਜ਼ਮੈਨ ਗੰਭੀਰ ਜ਼ਖਮੀ ਹੋ ਗਿਆ ਹੈ ਤੇ ਉਹ ਜ਼ੇਰੇ ਇਲਾਜ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਘਟਨਾ ਬਾਰੇ ਦੱਸਦੇ ਹੋਏ ਠੇਕੇ ਉੱਤੇ ਕਰਨ ਵਾਲੇ ਦੂਜੇ ਕਰਿੰਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਦੁਕਾਨ ਤੋਂ ਬਾਹਰ ਖੜ੍ਹਾ ਹੋ ਕੇ ਕਿਸੇ ਵਿਅਕਤੀ ਨਾਲ ਗੱਲਬਾਤ ਕਰ ਰਿਹਾ ਸੀ। ਦੋ ਮੋਟਰਸਾਈਕਲ ਸਵਾਰ ਠੇਕੇ ਉੱਤੇ ਸ਼ਰਾਬ ਖ਼ਰੀਦਣ ਲਈ ਆਏ ਸਨ। ਅਚਾਨਕ ਉਨ੍ਹਾਂ ਨੇ ਠੇਕੇ 'ਤੇ ਮੌਜੂਦ ਕਰਿੰਦੇ ਉੱਤੇ ਗੋਲੀਆਂ ਚਲਾਈਆਂ ਤੇ ਮੌਕੇ ਤੋਂ ਫਰਾਰ ਹੋ ਗਏ। ਠੇਕੇ ਉੱਤੇ ਕੰਮ ਕਰਨ ਵਾਲਾ ਵਿਅਕਤੀ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਪ੍ਰਤੱਖਦਰਸ਼ੀ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਨੂੰ ਦੀਨਾਨਗਰ ਦੇ ਸਰਕਾਰੀ ਹਸਪਤਾਲ ਇਲਾਜ ਲਈ ਪਹੁੰਚਾਇਆ ਅਤੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਇਸ ਮੌਕੇ ਜਾਂਚ ਲਈ ਪੁੱਜੇ ਡੀਐਸਪੀ ਮਹੇਸ਼ ਸੈਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਅਣਪਛਾਤੀਆਂ ਵੱਲੋਂ ਇੱਕ ਠੇਕੇ 'ਤੇ ਗੋਲੀਆਂ ਚਲਾਏ ਜਾਣ ਤੇ ਇਸ 'ਚ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਜ਼ਖਮੀ ਦੀ ਪਛਾਣ ਦੀਨਾਨਗਰ ਦੇ ਵਸਨੀਕ 55 ਸਾਲਾ ਗੋਪਾਲ ਦਾਸ ਵਜੋਂ ਹੋਈ ਹੈ। ਜ਼ਖਮੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ 'ਚ ਜ਼ੇਰੇ ਇਲਾਜ ਰੱਖਿਆ ਗਿਆ ਹੈ। ਡੀਐਸਪੀ ਦੇ ਮੁਤਾਬਕ ਮੁਲਜ਼ਮਾਂ ਵੱਲੋਂ ਪੈਸੇ ਦੇ ਲੈਣ-ਦੇਣ ਕਾਰਨ ਗੋਲੀਆਂ ਚਲਾਈਆਂ ਗਈਆਂ। ਪੁਲਿਸ ਵੱਲੋਂ ਪੀੜਤ ਤੇ ਠੇਕਾ ਮਾਲਕ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਜਾਰੀ ਹੈ।