ਗੁਰਦਾਸਪੁਰ : ਦੀਵਾਲੀ ਵਾਲੇ ਦਿਨ ਸ਼ਹਿਰ ਦੇ ਪਿੰਡ ਚੇਚੀਆਂ ਚੋੜੀਆਂ ਵਿਖੇ ਇੱਕ ਫੌਜੀ ਅਤੇ ਉਸ ਦੀ ਪਤਨੀ ਨਾਲ ਤਿੰਨ ਅਣਪਛਾਤੇ ਲੋਕਾਂ ਨੇ ਲੁੱਟ-ਖੋਹ ਦੀ ਕੋਸ਼ਿਸ਼ ਕੀਤੀ। ਕਾਮਯਾਬ ਨਾ ਹੋਣ ਕਾਰਨ ਉਨ੍ਹਾਂ ਨੇ ਫੌਜੀ ਉੱਤੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਲੁੱਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਫੌਜੀ ਹਕੀਕਤ ਸਿੰਘ ਦੀਵਾਲੀ ਦੀ ਛੁੱਟਿਆਂ ਉੱਤੇ ਆਪਣੇ ਘਰ ਆਇਆ ਹੋਇਆ ਸੀ। ਦੀਵਾਲੀ ਵਾਲੇ ਦਿਨ ਉਹ ਅਤੇ ਉਸ ਦੀ ਪਤਨੀ ਆਪਣੀ ਭੈਣ ਨੂੰ ਮਿਲਣ ਗਏ ਸਨ। ਸ਼ਾਮ ਵੇਲੇ ਭੈਣ ਦੇ ਘਰ ਤੋਂ ਪਿੰਡ ਵਾਪਸੀ ਦੌਰਾਨ ਤਿੰਨ ਲੁੱਟੇਰਿਆਂ ਨੇ ਹਕੀਕਤ ਸਿੰਘ ਅਤੇ ਉਸ ਦੀ ਪਤਨੀ ਨੂੰ ਰਾਹ ਵਿੱਚ ਘੇਰ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਹਕੀਕਤ ਸਿੰਘ ਨੇ ਜਦ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਲੁੱਟੇਰਿਆਂ ਨੇ ਉਸ ਉੱਤੇ ਗੋਲੀਆਂ ਚਲਾਈਆਂ ਅਤੇ ਉਥੋਂ ਫ਼ਰਾਰ ਹੋ ਗਏ। ਜਖ਼ਮੀ ਹਾਲਤ ਵਿੱਚ ਹਕੀਕਤ ਨੂੰ ਪਠਾਨਕੋਟ ਦੇ ਆਰਮੀ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ। ਫ਼ਿਲਹਾਲ ਹਕੀਕਤ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਜ਼ਖਮੀ ਫੌਜੀ ਦੇ ਪਰਿਵਾਰ ਨੇ ਲੁੱਟੇਰਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : 12 ਦਸੰਬਰ ਨੂੰ 96 ਸਾਲਾਂ ਬਾਅਦ ਬਿਟ੍ਰੇਨ 'ਚ ਮੁੜ ਹੋਣਗੀਆਂ ਆਮ ਚੋਣਾਂ
ਇਸ ਬਾਰੇ ਦੱਸਦੇ ਹੋਏ ਐਸਪੀ ਨਵਜੋਤ ਸਿੰਘ ਨੇ ਦੱਸਿਆ ਕਿ ਫੌਜੀ ਹਕੀਕਤ ਸਿੰਘ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਸੀਸੀਟੀਵੀ ਦੀ ਫੁੱਟੇਜ ਦੇ ਆਧਾਰ 'ਤੇ ਪੁਲਿਸ ਨੇ ਨਾਕੇਬੰਦੀ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਉੱਤੇ ਪਹਿਲਾਂ ਵੀ ਲੁੱਟ-ਖੋਹ ਦੇ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।