ਚੰਡੀਗੜ੍ਹ: ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਰੂਪਮਾਨ ਕਰਨ ਵਾਲਾ ਗਰੈਂਡ ਲਾਈਟ ਐਂਡ ਸਾਊਂਡ ਸ਼ੋਅ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਖਿੱਚ ਦਾ ਕੇਂਦਰ ਬਣ ਕੇ ਉੱਭਰ ਰਿਹਾ ਹੈ।
ਸ਼ੁੱਕਰਵਾਰ ਨੂੰ ਪੰਜਵੇਂ ਦਿਨ ਡਵੀਜਨਲ ਕਮਿਸ਼ਨਰ ਜਲੰਧਰ ਸ੍ਰੀ ਬੀ. ਪੁਰੂਸ਼ਾਰਥਾ ਨੇ ਸਮਾਗਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨਾਂ ਨਾਲ ਕਪੂਰਥਲਾ ਦੇ ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਕਿਸ਼ੋਰ ਕੁਮਾਰ ਨੇ ਵੀ ਪਵਿੱਤਰ ਨਗਰੀ 'ਤੇ ਹੋ ਰਹੇ ਇਸ ਸ਼ੋਅ ਦੌਰਾਨ ਹਾਜ਼ਰੀ ਭਰੀ। ਸਮਾਗਮ ਵਿੱਚ ਆਈ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ, ਜਿਸ ਰਾਹੀਂ ਸਾਡੀ ਨੌਜਵਾਨ ਪੀੜੀ ਨੂੰ ਬਾਬਾ ਨਾਨਕ ਦੇ ਜੀਵਨ, ਸਿੱਖਿਆਵਾਂ ਅਤੇ ਵਿਚਾਰਧਾਰਾ ਦੇ ਰੂ-ਬਰੂ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਮਾਣਮੱਤੇ ਇਤਿਹਾਸ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਲਈ ਕਈ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗਰੈਂਡ ਲਾਈਟ ਐਂਡ ਸਾਊਂਡ ਸ਼ੋਅ ਬਾਬਾ ਨਾਨਕ ਨੂੰ ਸੱਚੀ ਸ਼ਰਧਾਂਜਲੀ ਹੈ, ਜਿਸ ਰਾਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਉਨ੍ਹਾਂ ਦੇ ਜੀਵਨ ਅਤੇ ਸਿਧਾਂਤਾਂ ਬਾਰੇ ਗਿਆਨ ਪ੍ਰਾਪਤ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਸ਼ੋਅ ਰਾਹੀਂ ਜਿਥੇ ਸਹਿਣਸ਼ੀਲਤਾ, ਸ਼ਾਂਤੀ, ਭਾਈਚਾਰਾ, ਮਹਿਲਾ ਸਸ਼ਕਤੀਕਰਨ ਅਤੇ ਵਾਤਾਵਰਨ ਦੀ ਸੰਭਾਲ ਸਮੇਤ ਬਾਬਾ ਨਾਨਕ ਦੀਆਂ ਕਈ ਸਿੱਖਿਆਵਾਂ ਹਜ਼ਾਰਾਂ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ ਹਨ ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਾਜਿਕ ਬਰਾਬਰੀ ਦੇ ਸਿਧਾਂਤ ਨੂੰ ਪ੍ਰਮੁੱਖਤਾ ਨਾਲ ਦਰਸਾਇਆ ਗਿਆ ਹੈ। ਨਾਲ ਹੀ ਉਨ੍ਹਾਂ ਬਾਬਾ ਨਾਨਕ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਦੀ ਅਪੀਲ ਕਰਦਿਆਂ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ।
ਇਸ ਦੌਰਾਨ ਲਾਈਟ ਐਂਡ ਸਾਊਂਡ ਸ਼ੋਅ ਵਿੱਚ 200 ਫੁੱਟ ਦੀ ਗਰੈਂਡ ਸਟੇਜ 'ਤੇ ਮਲਟੀ ਲੇਜ਼ਰ ਸ਼ੋਅ, ਲਾਈਟਿੰਗ ਅਤੇ ਸਾਊਂਡ ਸਿਸਟਮ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇਸੇ ਦਰਮਿਆਨ ਵਿਸ਼ੇਸ਼ ਤੌਰ 'ਤੇ ਸੱਦੇ ਗਏ ਥੀਏਟਰ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਰਾਹੀਂ ਦਰਸ਼ਕਾਂ ਤੋਂ ਵਾਹ-ਵਾਹ ਖੱਟੀ। ਪ੍ਰਸਿੱਧ ਕਵੀਸ਼ਰ ਭਾਈ ਹਰਦੇਵ ਸਿੰਘ ਨੇ ਸੰਗਤਾਂ ਨੂੰ ਗੁਰੂ ਜੀ ਦੀ ਬਾਣੀ, ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਕਵਿਤਾ ਰਾਹੀਂ ਜਾਣਕਾਰੀ ਦਿੱਤੀ।