ਗੁਰਦਾਸਪੁਰ: ਕਸਬਾ ਧਾਰੀਵਾਲ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਯੂਥ ਵਿੰਗ ਦੇ ਪ੍ਰਦੇਸ਼ ਪ੍ਰਧਾਨ ਹਨੀ ਮਹਾਜਨ 'ਤੇ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਇਸ 'ਚ ਉਹ ਗੰਭੀਰ ਜ਼ਖਮੀ ਹੋ ਗਏ ਤੇ ਉਨ੍ਹਾਂ ਦੇ ਸਾਥੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਬਾਰੇ ਹਨੀ ਮਹਾਜਨ ਦੇ ਸਾਥੀ ਰੋਹਿਤ ਮਹਾਜਨ ਨੇ ਦੱਸਿਆ ਕਿ ਬੀਤੀ ਰਾਤ ਹਨੀ ਮਹਾਜਨ ਗੁਆਂਢੀ ਦੁਕਾਨਦਾਰ ਨਾਲ ਆਪਣੀ ਦੁਕਾਨ 'ਤੇ ਖੜ੍ਹੇ ਸਨ। ਅਚਾਨਕ 2 ਲੋਕ ਇੱਕ ਗੱਡੀ 'ਚ ਸਵਾਰ ਹੋ ਕੇ ਤੇ ਉਨ੍ਹਾਂ ਨੇ ਹਨੀ ਮਹਾਜਨ 'ਤੇ ਫਾਈਰਿੰਗ ਕੀਤੀ। ਫਾਈਰਿੰਗ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਲਈ ਰੋਹਿਤ ਮਹਾਜਨ ਨੇ ਪੁਲਿਸ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਆਖਿਆ ਕਿ ਪੁਲਿਸ ਪ੍ਰਸ਼ਾਸਨ ਕੋਲੋਂ ਹਨੀ ਮਹਾਜਨ ਦੀ ਸੁਰੱਖਿਆ ਦੀ ਮੰਗ ਕੀਤੀ ਗਈ ਸੀ, ਜਿਸ 'ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਘਟਨਾ 'ਚ ਦੁਕਾਨਦਾਰ ਅਸ਼ੋਕ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸ਼ਿਵ ਸੈਨਾ ਆਗੂ ਹਨੀ ਮਹਾਜਨ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਥੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।
ਇਸ ਮੌਕੇ ਹਾਦਸੇ ਵਾਲੀ ਥਾਂ 'ਤੇ ਪੁਜੇ ਐੱਸਐੱਸਪੀ ਗੁਰਦਾਸਪੁਰ ਸਵਰਨਦੀਪ ਸਿੰਘ ਨੇ ਦੱਸਿਆ ਕਿ ਇਹ ਘਟਨਾ 7 ਵਜੇ ਦੇ ਕਰੀਬ ਵਾਪਰੀ। ਉਨ੍ਹਾਂ ਵੱਲੋਂ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਗੱਲ ਆਖੀ।