ਗੁਰਦਾਸਪੁਰ: ਬਹਿਰਾਮਪੁਰ ਵਿੱਚ ਬੀਤੇ ਦੋ ਦਿਨ ਪਹਿਲਾਂ ਡਾਕਟਰ ਦੇ ਹੋਏ ਕਤਲ ਮਾਮਲੇ ਵਿੱਚ ਐਸਐਸਪੀ ਗੁਰਦਾਸਪੁਰ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਈ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਬੱਚਾ ਨਾ ਹੋਣ ਕਰਕੇ ਡਾਕਟਰ ਵੱਲੋਂ ਬੂਟਾਂ ਦੀ ਦੁਕਾਨ ਕਰਦੇ ਨੌਜਵਾਨ ਨੂੰ ਮਿਹਣੇ ਮਾਰੇ ਜਾਂਦੇ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਆਪਣੇ ਸਾਥੀ ਨਾਲ ਮਿਲ ਡਾਕਟਰ ਦਾ ਕਤਲ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਗੁਰਦਾਸਪੁਰ ਡਾ ਨਾਨਕ ਸਿੰਘ ਨੇ ਦੱਸਿਆ ਕਿ ਬੀਤੇ ਦੋ ਦਿਨ ਪਹਿਲਾਂ ਗੁਰਦਾਸਪੁਰ ਦੇ ਪਿੰਡ ਬਹਿਰਾਮਪੁਰ ਵਿੱਚ ਦੋ ਨੌਜਵਾਨਾਂ ਵੱਲੋਂ ਇਕ ਡਾਕਟਰ ਦਾ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਡਾਕਟਰ ਮੋਹਿਤ ਨੰਦਾ ਵੱਲੋਂ ਬੂਟਾਂ ਦੀ ਦੁਕਾਨ ਕਰਦੇ ਨੌਜਵਾਨ ਲੱਕੀ ਨੂੰ ਬੱਚਾ ਨਾ ਹੋਣ ਕਰਕੇ ਮਿਹਣੇ ਮਾਰੇ ਜਾਂਦੇ ਸਨ, ਜਿਸ ਤੋਂ ਲੱਕੀ ਕਾਫੀ ਪਰੇਸ਼ਾਨ ਸੀ।
ਕਤਲ ਵਾਲੇ ਦਿਨ ਵੀ ਡਾਕਟਰ ਕਿਸ਼ਤ ਲੈਣ ਲੱਕੀ ਦੀ ਦੁਕਾਨ 'ਤੇ ਗਿਆ ਸੀ ਅਤੇ ਲੱਕੀ ਨੂੰ ਫਿਰ ਮਿਹਣਾ ਮਾਰਿਆ ਅਤੇ ਮਜ਼ਾਕ ਕੀਤਾ ਕਿ ਉਸਦੇ ਘਰ ਬੱਚਾ ਨਹੀਂ ਹੁੰਦਾ, ਉਸ 'ਚ ਕੋਈ ਕਮੀ ਹੈ। ਜਿਸ ਕਰਕੇ ਦੋਨਾਂ 'ਚ ਝਗੜਾ ਹੋ ਗਿਆ ਅਤੇ ਲੱਕੀ ਨੇ ਆਪਣੇ ਸਾਥੀ ਨਾਲ ਮਿਲ ਕੇ ਡਾਕਟਰ ਦੇ ਸਿਰ 'ਤੇ ਰਾਡ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਮੌਕੇ ਦੋਵਾਂ ਮੁਲਜ਼ਮਾਂ ਵਲੋਂ ਡਾਕਟਰ ਦੇ ਗਲ 'ਚ ਪਾਈ ਸੋਨੇ ਦੀ ਚੈਨ ਅਤੇ ਮੁੰਦਰੀ ਵੀ ਉਤਾਰ ਲਈ ਗਈ, ਜਿਸ ਤੋਂ ਬਾਅਦ ਇਸ ਮਾਮਲੇ ਦੀ ਤਫਤੀਸ਼ 'ਚ ਪੁਲਿਸ ਨੇ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੁਲਿਸ ਨੂੰ ਵਾਰਦਾਤ ਮੌਕੇ ਵਰਤਿਆ ਹਥਿਆਰ ਅਤੇ ਚੋਰੀ ਕੀਤਾ ਸਮਾਨ ਵੀ ਬਰਾਮਦ ਹੋਇਆ ਹੈ।
ਇਹ ਵੀ ਪੜ੍ਹੋ:ਮਾਈਨਿੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਮਨਪ੍ਰੀਤ ਬਾਦਲ ਦੇ ਦਫ਼ਤਰ ਦਾ ਕੀਤਾ ਘਿਰਾਓ