ਗੁਰਦਾਸਪੁਰ : ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫਸਲਾਂ ਦੀ ਖ਼ਰੀਦ ਲਈ ਪੁਖ਼ਤਾ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕਸਬਾ ਦੀਨਾਨਗਰ ਅਧੀਨ ਪੈਂਦੇ ਮਕੋੜਾ ਪਤਨ ਵਿਖੇ ਬਣਿਆ ਪੁਲ ਟੁੱਟ ਜਾਣ ਕਾਰਨ ਕਿਸਾਨ ਬੇਹਦ ਪਰੇਸ਼ਾਨ ਸਨ, ਪਰ ਈਟੀਵੀ ਭਾਰਤ ਵੱਲੋਂ ਖ਼ਬਰ ਨਸ਼ਰ ਕੀਤੇ ਜਾਣ ਮਗਰੋਂ ਉਸ ਨੂੰ ਠੀਕ ਕਰ ਦਿੱਤਾ ਗਿਆ।
ਪੁਲ ਟੁੱਟਣ ਕਾਰਨ ਕਿਸਾਨ ਪਰੇਸ਼ਾਨ
ਰਾਵੀ ਦਰਿਆ ਤੋਂ ਪਾਰ ਵਸਦੇ 7 ਪਿੰਡਾਂ ਦੇ ਕਿਸਾਨਾਂ ਦੀ ਹਜਾਰਾਂ ਏਕੜ ਫ਼ਸਲ ਮੰਡੀਆਂ 'ਚ ਪਹੁੰਚਣ ਦੀ ਬਜਾਏ ਟਰਾਲੀਆਂ ਵਿੱਚ ਹੀ ਖਰਾਬ ਹੋ ਰਹੀ ਸੀ, ਕਿਉਂਕਿ ਮਕੋੜਾ ਪਤਨ ਰਾਵੀ ਦਰਿਆ ਤੇ ਬਣਿਆ ਆਰਜ਼ੀ ਪੁਲ ਟੁੱਟ ਜਾਣ ਕਾਰਨ ਦਰਿਆ ਤੋਂ ਪਾਰ ਵਸਦੇ 7 ਪਿੰਡਾਂ ਦੇ ਕਿਸਾਨਾਂ ਦੀ ਹਜਾਰਾਂ ਏਕੜ ਫ਼ਸਲ ਮੰਡੀਆਂ 'ਚ ਨਹੀਂ ਪੁਜ ਪਾ ਰਹੀ ਸੀ। ਇਸ ਆਰਜ਼ੀ ਪੁਲ ਨੂੰ ਠੀਕ ਕਰਨ ਲਈ ਕੋਈ ਵੀ ਪ੍ਰਸਾਸ਼ਨਿਕ ਅਧਿਕਾਰੀ ਉੱਥੇ ਨਹੀਂ ਪੁਜਾ ਸੀ। ਜਿਸ ਕਾਰਨ ਕਿਸਾਨ ਖ਼ੁਦ ਇਸ ਆਰਜ਼ੀ ਪੁਲ ਨੂੰ ਠੀਕ ਕਰ ਰਹੇ ਸਨ।
ਈਟੀਵੀ ਭਾਰਤ ਨਾਲ ਆਪਣੀ ਮੁਸ਼ਕਲ ਸਾਂਝੀ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਵਾਰ-ਵਾਰ ਡੈਮ ਦਾ ਪਾਣੀ ਛੱਡੇ ਜਾਣ ਕਾਰਨ ਇਹ ਪੁਲ ਟੁੱਟ ਜਾਂਦਾ ਹੈ। ਇਸ ਤੋਂ ਪਹਿਲਾਂ ਵੀ ਸਥਾਈ ਪੁਲ ਟੁੱਟਣ ਤੋਂ ਬਾਅਦ ਇੱਥੇ ਅਸਥਾਈ ਪੁਲ ਹੀ ਤਿਆਰ ਕੀਤਾ ਗਿਆ। ਹੁਣ 70 ਦੇ ਕਰੀਬ ਟਰਾਲੀਆਂ ਪੁਲ ਤੋਂ ਪਾਰ ਖੜੀਆਂ ਹਨ ਤੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਖ਼ਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੇ ਹਲਕਾ ਵਿਧਾਇਕ ਉਨ੍ਹਾਂ ਦੀ ਸਾਰ ਲੈਣ ਨਹੀਂ ਪੁਜੇ। ਉਨ੍ਹਾਂ ਸੂਬਾ ਸਰਕਾਰ ਕੋਲੋਂ ਜਲਦ ਤੋਂ ਜਲਦ ਇੱਥੇ ਸਥਾਈ ਪੁਲ ਤਿਆਰ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।
ਮੀਡੀਆ ਟੀਮ ਪਹੁੰਚਣ ਤੋਂ ਬਾਅਦ ਪੁਲ ਦਾ ਜਾਇਜ਼ਾ ਲੈਣ ਪਹੁੰਚੇ ਪੀਡਬਲਯੂਡੀ ਦੇ ਜੇਈ ਰਾਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਈ ਵਾਰ ਇਸ ਆਰਜ਼ੀ ਪੁਲ ਨੂੰ ਸਹੀ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਵੱਧ ਭਾਰ ਲੈ ਕੇ ਇਸ ਪੁਲ ਉੱਤੇ ਪੁਜਣ ਕਾਰਨ ਪੁਲ ਦੇ ਫੱਟੇ ਟੁੱਟ ਜਾਂਦੇ ਹਨ ਤੇ ਕਈ ਵਾਰ ਡੈਮ ਵਿਭਾਗ ਵੱਲੋਂ ਬਿਨ੍ਹਾਂ ਦੱਸਿਆਂ ਪਾਣੀ ਛੱਡੇ ਜਾਣ ਕਾਰਨ ਪੁਲ ਟੁੱਟ ਜਾਂਦਾ ਹੈ।