ਗੁਰਦਾਸਪੁਰ :14 ਫਰਵਰੀ ਨੂੰ ਪੰਜਾਬ ਦੇ ਵਿੱਚ ਹੋਣ ਵਾਲੀਆਂ ਨਗਰ ਨਿਗਮ, ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਹਰ ਪਾਰਟੀ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਗੁਰਦਾਸਪੁਰ 'ਚ ਵਰਕਰਾਂ ਤੇ ਅਕਾਲੀ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਐਸਸੀ ਮੋਰਚਾ ਪੰਜਾਬ ਦੇ ਸਕੱਤਰ ਰਵੀ ਮੋਹਨ ਵੀ ਵਿਸ਼ੇਸ਼ ਤੌਰ 'ਤੇ ਪੁੱਜੇ।
ਬੈਠਕ ਤੋਂ ਬਾਅਦ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬਿਕਰਮਜੀਤ ਸਿੰਘ ਮਜੀਠੀਆ ਨੇ ਜਾਣਕਾਰੀ ਦਿੱਤੀ ਕਿ ਆਗਮੀ ਨਗਰ ਕੌਂਸਲ ਤੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਪਾਰਟੀ ਵਰਕਰ ਬੇਹਦ ਉਤਸ਼ਾਹਤ ਹਨ। ਦੀਨਾਨਗਰ ਵਿੱਚ ਸਾਰੀਆਂ ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ ਤਕੜੀ ਦੇ ਨਿਸ਼ਾਨ 'ਤੇ ਹੀਚੋਣ ਲੜੇਗਾ। ਉਨ੍ਹਾਂ ਭਾਜਪਾ ਦਾ ਸਾਥ ਛੱਡ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਆਗੂਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਨਾਲ ਫੇਲ ਹੋਈ ਹੈ। ਦੀਨਾਨਗਰ 'ਚ ਕੋਈ ਵਿਕਾਸ ਕਾਰਜ ਨਹੀਂ ਕੀਤਾ ਗਿਆ ਹੈ ਤੇ ਨਾਂ ਹੀ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਕੀਤਾ ਗਿਆ ਹੈ। ਉਨ੍ਹਾਂ ਆਗਮੀ ਚੋਣਾਂ 'ਚ ਬਹੁਮਤ ਨਾਲ ਵੋਟਾਂ ਹਾਸਲ ਕਰ ਅਕਾਲੀ ਦੀ ਜਿੱਤ ਹੋਣ ਦਾ ਦਾਅਵਾ ਕੀਤਾ।
ਇਸ ਤੋਂ ਇਲਾਵਾ ਉਨ੍ਹਾਂ ਦਿੱਲੀ ਵਿਖੇ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਭਾਜਪਾ ਵਰਕਰ ਹੈ। ਉਸ ਦੀਆਂ ਤਸਵੀਰਾਂ ਭਾਜਪਾ ਆਗੂਆਂ ਨਾਲ ਬੇਹਦ ਵਾਇਰਲ ਹੋ ਰਹੀਆਂ ਹਨ। ਮਜੀਠੀਆ ਨੇ ਦਿੱਲੀ ਹਿੰਸਾਂ ਨੂੰ ਭਾਜਪਾ ਸਰਕਾਰ ਦੀ ਇੱਕ ਸੋਚੀ ਸਮਝ ਸਾਜਿਸ਼ ਦੱਸਿਆ। ਉਨ੍ਹਾਂ ਸੰਨੀ ਦਿਓਲ 'ਤੇ ਨਿਸ਼ਾਨਾ ਸਾਧਿਆ ਕਿ ਸੰਨੀ ਦਿਓਲ ਸਫਾਈ ਦੇਣ ਦੀ ਬਜਾਏ ਕਿਸਾਨਾਂ ਦੀ ਗੱਲ ਕਰਨ।
ਇਸ ਮੌਕੇ ਭਾਜਪਾ ਐਸਸੀ ਮੋਰਚਾ ਦੇ ਪੰਜਾਬ ਸਕੱਤਰ ਰਵੀ ਮੋਹਨ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਉਹ ਭਾਜਪਾ ਦੀ ਵਿਰੋਧੀ ਅਤੇ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰਨਗੇ।