ਚੰਡੀਗੜ੍ਹ: ਪੰਜਾਬ ਦੀ ਸਿਆਸਤ ਇੰਨੀ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਛਿੜੀ ਜੁਬਾਨੀ ਜੰਗ ਦੇ ਆਲੇ ਦੁਆਲੇ ਹੀ ਘੁੰਮ ਰਹੀ ਹੈ। ਇੱਕ ਪਾਸੇ ਤਾਂ ਪੰਜਾਬ ਕਾਂਗਰਸ ਦੋ ਧੜਿਆਂ ਚ ਵੰਡੀ ਨਜ਼ਰ ਆ ਰਹੀ ਹੈ। ਤਾਂ ਦੂਜੇ ਪਾਸੇ ਸਾਬਕ ਮੰਤਰੀ ਨਵਜੋਤ ਸਿੱਧੂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਸ਼ਬਦੀ ਹਮਲੇ ਲਗਾਤਾਰ ਜਾਰੀ ਨੇ। ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਫਿਰ ਤੋਂ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਫੇਸਬੁੱਕ ਤੇ ਟਵਿੱਟਰ 'ਤੇ ਨਿਊਜ਼ ਕਲਿੱਪ ਨੂੰ ਸ਼ੇਅਰ ਕਰਦਿਆਂ ਲਿਖਿਆ "ਨਸ਼ਿਆਂ ਉੱਪਰ ਕੋਈ ਕਾਰਵਾਈ ਨਹੀਂ, ਬੇਅਦਬੀ ਉੱਪਰ ਕੋਈ ਕਾਰਵਾਈ ਨਹੀਂ, ਬਿਜਲੀ ਖ਼ਰੀਦ ਸਮਝੌਤੇ ਉੱਪਰ ਕੋਈ ਵ੍ਹਾਈਟ ਪੇਪਰ ਜਾਰੀ ਨਹੀਂ, ਮਾਫੀਆ ਰਾਜ ਉੱਪਰ ਕੋਈ ਕਾਰਵਾਈ ਨਹੀਂ, ਬੱਸ ਬਾਦਲਾਂ ਤੇ ਮਜੀਠੀਏ ਨੂੰ ਬਚਾਉਣ ਲਈ ਆਪਣੇ ਸਾਥੀਆਂ ਉੱਪਰ ਕਾਰਵਾਈ...।"
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਾਇਆ ਕਿ ਪਾਰਟੀ ਵਿੱਚ ਉਨ੍ਹਾਂ ਦੇ ਸਾਥੀਆਂ ਨੂੰ ਸੱਚ ਬੋਲਣ ਲਈ ਧਮਕਾਇਆ ਜਾ ਰਿਹਾ ਹੈ। ਸਿੱਧੂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕਾਂਗਰਸ ਦੇ ਵਿਧਾਇਕ ਤੇ ਸਾਬਕਾ ਭਾਰਤੀ ਹਾਕੀ ਕਪਤਾਨ ਪਰਗਟ ਸਿੰਘ ਨੇ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਰਾਜਨੀਤਕ ਸਲਾਹਕਾਰ ਸੰਦੀਪ ਸੰਧੂ ‘ਤੇ ਧਮਕੀ ਦੇਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਬੇਅਦਬੀ ਦੀ ਘਟਨਾ 'ਤੇ ਸੂਬਾ ਸਰਕਾਰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਧਮਕੀ ਦਿੱਤੀ ਗਈ।