ਚੰਡੀਗੜ੍ਹ: ਪੰਜਾਬ ਵਿਧਾਨਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਅੱਜ ਵਿਧਾਨਸਭਾ ’ਚ ਸਭ ਤੋਂ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਬੀਤੇ ਦਿਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੀਤੇ ਗਏ ਭਾਸ਼ਣ ’ਤੇ ਚਰਚਾ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਅੱਜ ਤਿੰਨ ਮਹੀਨੇ ਦਾ ਬਜਟ ਵੀ ਪੇਸ਼ ਕੀਤਾ ਜਾਵੇਗਾ। ਤਿੰਨ ਮਹੀਨੇ ਲਈ 37 ਹਜ਼ਾਰ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜਾਵੇਗਾ। ਨਾਲ ਹੀ ਖਜਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਵੋਟ ਆਨ ਅਕਾਊਂਟ ਬਿੱਲ ਪੇਸ਼ ਕਰਨਗੇ।
ਰਾਜਪਾਲ ਵੱਲੋਂ ਮਾਨ ਸਰਕਾਰ ਦਾ ਰੋਡਮੈਪ ਕੀਤਾ ਗਿਆ ਸੀ ਜਾਰੀ
ਦੱਸ ਦਈਏ ਕਿ ਬੀਤੇ ਦਿਨ ਸਰਬ ਸੰਮਤੀ ਦੇ ਨਾਲ ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੂੰ ਸਪੀਕਰ ਬਣਾਇਆ ਗਿਆ। ਨਾਲ ਹੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਭਾਸ਼ਣ ਵੀ ਦਿੱਤਾ ਗਿਆ। ਭਾਸ਼ਣ ਦੌਰਾਨ ਰਾਜਪਾਲ ਨੇ ਮਾਨ ਸਰਕਾਰ ਦਾ ਰੋਡਮੈਪ ਵੀ ਜਾਰੀ ਕੀਤਾ।
300 ਯੂਨਿਟ ਮੁਫਤ ਬਿਜਲੀ ਲਈ ਅਸੀਂ ਵਚਨਬੱਧ- ਰਾਜਪਾਲ
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਧਾਨ ਸਭਾ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਸਰਕਾਰ ਹਰ ਘਰ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਲਈ ਵਚਨਬੱਧ ਹੈ। ਸੂਬੇ ਵਿੱਚ ਮੁਫਤ ਬਿਜਲੀ ਦੇਣ ਨਾਲ 80 ਫੀਸਦੀ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਜਾਣਗੇ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਭੱਤਾ ਦਿੱਤਾ ਜਾਵੇਗਾ, ਜਦਕਿ ਸੀਨੀਅਰ ਸਿਟੀਜ਼ਨ ਔਰਤਾਂ ਨੂੰ 1000 ਰੁਪਏ ਬੁਢਾਪਾ ਪੈਨਸ਼ਨ ਤੋਂ ਇਲਾਵਾ ਦਿੱਤੀ ਜਾਵੇਗੀ।
'ਇੰਡਸਟਰੀ ਲਈ ਨਵਾਂ ਕਮਿਸ਼ਨ ਬਣਾਵਾਂਗੇ'
ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਲਈ 10 ਤੋਂ 15 ਮੈਂਬਰਾਂ ਦਾ ਕਮਿਸ਼ਨ ਬਣਾਇਆ ਜਾਵੇਗਾ। ਜਿਸ ’ਚ ਸਿਰਫ ਵਪਾਰੀ ਅਤੇ ਕਾਰੋਬਾਰੀਆਂ ਨੂੰ ਹੀ ਮੈਂਬਰ ਬਣਿਆ ਜਾਵੇਗਾ। ਉਹੀ ਫੈਸਲਾ ਲੈਣਗੇ ਅਤੇ ਨੀਤੀ ਤਿਆਰ ਕਰਨਗੇ। ਜਲੰਧਰ ਵਿੱਚ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਇਆ ਜਾਵੇਗਾ।
'ਬੇਅਦਬੀ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ'
ਰਾਜਪਾਲ ਨੇ ਕਿਹਾ ਕਿ ਸਰਕਾਰ 6 ਮਹੀਨਿਆਂ ਦੇ ਅੰਦਰ-ਅੰਦਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ, ਪਰ ਬੇਕਸੂਰ ਲੋਕਾਂ ਖਿਲਾਫ ਪਹਿਲਾਂ ਹੋਈਆਂ ਸਾਰੀਆਂ ਝੂਠੀਆਂ ਐਫਆਈਆਰ ਨੂੰ ਖਤਮ ਕੀਤਾ ਜਾਵੇਗਾ। ਸੂਬੇ ਵਿੱਚ ਬਰਗਾੜੀ ਬੇਅਦਬੀ ਕਾਂਡ ਸਮੇਤ ਬੰਬ ਧਮਾਕਿਆਂ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੇ ਮਾਸਟਰ ਮਾਈਂਡ ਸਮੇਤ ਸਾਰੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜੋ: ਮਾਨ ਨੇ ਕੈਬਨਿਟ ਨੂੰ ਵੰਡੇ ਮੰਤਰਾਲੇ, ਹੋਮ ਤੇ ਪਰਸੋਨਲ ਰੱਖਿਆ ਆਪਣੇ ਕੋਲ