ਸ੍ਰੀ ਫ਼ਤਿਹਗੜ੍ਹ ਸਾਹਿਬ: ਕੇਂਦਰ ਸਰਕਾਰ ਵੱਲੋਂ ਜੋ ਖੇਤੀ ਆਰਡੀਨੈਂਸ ਜਾਰੀ ਕੀਤੇ ਗਏ ਸਨ, ਉਨ੍ਹਾਂ 'ਤੇ ਰਾਸ਼ਟਰਪਤੀ ਵੱਲੋਂ ਮੋਹਰ ਲਗਾ ਕੇ ਪਾਸ ਕਰ ਦਿੱਤਾ ਗਿਆ ਹੈ। ਇਸ ਦੇ ਵਿਰੋਧ 'ਚ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਸਰਹਿੰਦ ਨੇ ਫ਼ਤਿਹਗੜ੍ਹ ਸਾਹਿਬ ਵਿਖੇ ਟਰੈਕਟਰ ਰੈਲੀ ਕੱਢੀ। ਕਿਸਾਨਾਂ ਨੇ ਇਨ੍ਹਾਂ ਖੇਤੀ ਸੁਧਾਰ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਿਆ ਹੈ।
ਵੱਡੀ ਗਿਣਤੀ 'ਚ ਕਿਸਾਨਾਂ ਤੇ ਮਜ਼ਦੂਰਾਂ ਨੇ ਇਸ ਰੈਲੀ 'ਚ ਹਿੱਸਾ ਲਿਆ। ਇਹ ਟ੍ਰੈਕਟਰ ਰੈਲੀ ਕਿਸਾਨ-ਮਜ਼ਦੂਰ ਏਕਤਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਕਮਲਦੀਪ ਸਿੰਘ ਦੀ ਅਗਵਾਈ ਵਿੱਚ ਕੱਢੀ ਗਈ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਤੇ ਪੀਐਮ ਮੋਦੀ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ 'ਤੇ ਜਬਰਨ ਇਹ ਕਾਨੂੰਨ ਥੋਪ ਰਹੀ ਹੈ।
ਪ੍ਰਦਰਸ਼ਨਕਾਰੀ ਆਗੂਆਂ ਨੇ ਕਿਹਾ ਕਿ ਕਿਸਾਨ ਤਾਂ ਹੀ ਬਚ ਸਕਦੇ ਹਨ ਜੇ ਉਨ੍ਹਾਂ ਸਵਾਮੀਨਾਥਨ ਕਮਿਸ਼ਨ ਦੇ ਤਹਿਤ ਫ਼ਸਲਾਂ ਦੇ ਰੇਟ ਦਿੱਤੇ ਜਾਣ। ਉਨ੍ਹਾਂ ਆਖਿਆ ਕਿ ਇਸ ਦੇ ਉਲਟ ਮੋਦੀ ਸਰਕਾਰ ਨੇ ਕਿਸਾਨੀ ਸਬੰਧੀ ਲਿਆਂਦੇ ਗਏ ਕਾਲੇ ਕਾਨੂੰਨ ਨੇ ਕਿਸਾਨਾਂ, ਮੰਡੀਕਰਨ ਪ੍ਰਣਾਲੀ ਸਮੇਤ ਪੰਜਾਬ ਦੇ ਸਮੁੱਚੇ ਅਰਥਚਾਰੇ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।