ਫ਼ਤਿਹਗੜ੍ਹ ਸਾਹਿਬ: ਪੰਜਾਬ ਦੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਇਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਹਨ। ਉਨ੍ਹਾਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ 'ਤੇ ਤੰਜ ਕਸਦੇ ਹੋਏ ਇੱਕ ਟਵੀਟ ਕੀਤਾ। ਮਾਨ ਨੇ ਇਸ ਟਵੀਟ 'ਚ ਕਿਹਾ 300 ਸਾਲਾਂ 'ਚ ਸਿਰਫ਼ ਦੋ ਹੀ ਨੇਤਾ ਪੈਦਾ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਅਤੇ ਭਗਤ ਸਿੰਘ ਜੀ..ਜਿਨ੍ਹਾਂ ਨੇ ਚੋਣਾਂ ਨਹੀਂ ਬਲਕਿ ਇਨਸਾਫ਼ ਦੀਆਂ ਲੜਾਈਆਂ ਲੜੀਆਂ ਸਨ।
ਭਗਵੰਤ ਮਾਨ ਦੇ ਇਸ ਟਵੀਟ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਦਰਅਸਲ ਸੁਖਬੀਰ ਬਾਦਲ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਪੰਜੋਲੀ ਵਿੱਚ ਪੁੱਜੇ ਸਨ। ਮੀਡੀਆ ਦੇ ਸਨਮੁੱਖ ਹੁੰਦਿਆਂ ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਉਸਦਾ ਦਿਮਾਗ ਖ਼ਰਾਬ ਹੋ ਗਿਆ ਹੈ ਜੋ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਤੁਲਣਾ ਕਰ ਰਿਹਾ ਹੈ ਜੋ ਬਹੁਤ ਗ਼ਲਤ ਗੱਲ ਹੈ।"
ਇਸ ਮੁੱਦੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਬਿਲਕੁਲ ਠੀਕ ਹੈ ਕਿ ਭਗਤ ਸਿੰਘ ਇੱਕ ਦੇਸ਼ ਭਗਤ ਸੀ ਉਸਨੇ ਦੇਸ਼ ਲਈ ਕੁਰਬਾਨੀ ਕੀਤੀ ਸੀ ਪਰ ਗੁਰੂ ਸਾਹਿਬ ਦੇ ਨਾਲ ਤੁਲਣਾ ਕਰਨਾ ਗੁਰੂ ਸਾਹਿਬ ਦੀ ਤੌਹੀਨ ਵਾਲੀ ਗੱਲ ਹੈ , ਗੁਰੂ ਗੋਬਿੰਦ ਸਿੰਘ ਜੀ ਵਰਗਾ ਸੰਸਾਰ ਵਿੱਚ ਕੋਈ ਹੋ ਹੀ ਨਹੀਂ ਸਕਦਾ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਸਿੱਖ ਪੰਥ ਲਈ ਨਿਛਾਵਰ ਕਰ ਦਿੱਤਾ , ਇਸ ਗੱਲ ਨਾਲ ਪੂਰੇ ਸਿੱਖ ਪੰਥ ਨੂੰ ਬਹੁਤ ਦੁੱਖ ਹੋਇਆ ਹੈ ਜਿਸਦੇ ਲਈ ਭਗਵੰਤ ਮਾਨ ਨੂੰ ਆਪਣੀ ਗ਼ਲਤੀ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।