ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਨੇ 8 ਜੁਲਾਈ ਨੂੰ ਮਹਿੰਗਾਈ ਦੇ ਖਿਲਾਫ ਦੇਸ਼ ਭਰ 'ਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਆਮ ਲੋਕਾਂ ਨੂੰ ਵੀ ਪ੍ਰਦਰਸ਼ਨ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ, ਤੇ ਮਹਿਲਾਵਾਂ ਇਸ ਰੋਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ।
ਕਿਸਾਨਾਂ ਵੱਲੋਂ ਵਿਸ਼ੇਸ਼ ਤੌਰ 'ਤੇ ਮਹਿਲਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪੋ-ਆਪਣੇ ਘਰਾਂ ਦੇ ਬਾਹਰ ਸਿਲੰਡਰ ਰੱਖ ਕੇ ਪ੍ਰਦਰਸ਼ਨ 'ਚ ਉਨ੍ਹਾਂ ਦਾ ਸਾਥ ਦੇਣ। ਕਿਸਾਨਾਂ ਨੇ ਆਮ ਲੋਕਾਂ ਨੂੰ ਤਿੰਨ ਖੇਤੀ ਕਾਨੂੰਨਾਂ ਤੇ ਮਹਿੰਗਾਈ ਦੇ ਖਿਲਾਫ ਕੇਂਦਰ ਸਰਕਾਰ ਦੇ ਵਿਰੋਧ 'ਚ ਉਨ੍ਹਾਂ ਦੇ ਸਮਰਥਨ ਦੀ ਅਪੀਲ ਕੀਤੀ ਹੈ, ਤਾਂ ਜੋ ਵੱਧਦੀ ਹੋਈ ਮਹਿੰਗਾਈ , ਪੈਟਰੋਲ ਡੀਜ਼ਲ ਦੇ ਰੇਟ ਤੇ ਰਸੋਈ ਗੈਸ ਤੇ ਘਰੇਲੂ ਵਸਤੂਆਂ ਦੇ ਵੱਧ ਰਹੇ ਰੇਟਾਂ ਨੂੰ ਰੋਕਿਆ ਜਾ ਸਕੇ।
ਇਸ ਸਬੰਧੀ ਚੰਡੀਗੜ੍ਹ ਸੈਕਟਰ 25 ਦੀਆਂ ਮਹਿਲਾਵਾਂ ਨੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਘਰ ਦੇ ਬਾਹਰ ਸਿਲੰਡਰ ਰੱਖ ਰੋਸ ਪ੍ਰਦਰਸ਼ਨ ਕਰਨਗੀਆਂ, ਕਿਉਂਕਿ ਉਨ੍ਹਾਂ ਕੋਲ ਸਿਲੰਡਰ ਭਰਵਾਉਣ ਲਈ ਪੈਸੇ ਨਹੀਂ ਹਨ। ਜਿਥੇ ਪਹਿਲਾਂ ਸਿਲੰਡਰ 100 ਤੋਂ 500 ਰੁਪਏ ਵਿੱਚ ਭਰ ਜਾਂਦਾ ਸੀ, ਹੁਣ ਇਸ ਦੇ ਲਈ 1 ਹਜ਼ਾਰ ਰੁਪਏ ਅਦਾ ਕਰਨੇ ਪੈਂਦੇ ਹਨ।
ਹੋਰਨਾਂ ਮਹਿਲਾਵਾਂ ਨੇ ਵੀ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ, ਕਿਉਂਕਿ ਮਹਿੰਗਾਈ ਦੇ ਚਲਦੇ ਰੋਜ਼ਾਨਾ ਘਰੇਲੂ ਇਸਤੇਮਾਲ ਦੀਆਂ ਚੀਜ਼ਾਂ ਦੇ ਰੇਟ ਵੀ ਵੱਧ ਰਹੇ ਹਨ। ਪਹਿਲਾਂ ਹੀ ਕੋਰੋਨਾ ਵਾਇਰਸ ਤੇ ਲੌਕਡਾਊਨ ਦੇ ਚਲਦੇ ਲੋਕ ਆਰਥਿਕ ਮੰਦੀ ਝੱਲ ਰਹੇ ਹਨ , ਤੇ ਹੁਣ ਮਹਿੰਗਾਈ ਦੇ ਚਲਦੇ ਉਹ ਬੇਹਦ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ 'ਚ ਬੀਤੇ 1 ਸਾਲ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਕਿਸਾਨ ਅੰਦੋਲਨ ਕਰ ਰਹੀ ਹੈ, ਪਰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸ ਲਈ ਵਿਰੋਧ ਕਰਨਾ ਲਾਜ਼ਮੀ ਹੈ।
ਇਹ ਵੀ ਪੜ੍ਹੋ : ਇੱਕ ਹੋਰ ਭਾਜਪਾ ਵਰਕਰ ਚੜਿਆ ਕਿਸਾਨਾਂ ਦੇ ਧੱਕੇ, ਪਾੜੇ ਕੱਪੜੇ