ਚੰਡੀਗੜ੍ਹ: ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ 'ਤੇ ਹੋਈ ਹਿੰਸਾ ਦੇ ਮੁੱਖ ਆਰੋਪੀ ਪੰਜਾਬੀ ਕਲਾਕਾਰ ਦੀਪ ਸਿੱਧੂ ਬਾਰੇ ਪੁਲਿਸ ਨੂੰ ਹੈਰਾਨ ਕਰਨ ਵਾਲੀ ਜਾਣਕਾਰੀ ਹੱਥ ਲੱਗੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਪੰਜਾਬੀ ਕਲਾਕਾਰ ਜੋ ਵੀ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਰਿਹਾ ਹੈ, ਉਸ ਦੇ ਪਿੱਛੇ ਸਿੱਧੂ ਦੀ ਕਰੀਬੀ ਮਹਿਲਾ ਮਿੱਤਰ ਦਾ ਹੱਥ ਹੈ। ਹਾਲਾਂਕਿ ਦੀਪ ਸਿੱਧੂ ਲਗਾਤਾਰ ਆਪਣੇ-ਆਪ ਨੂੰ ਬੇਗੁਨਾਹ ਸਾਬਤ ਕਰਨ ਲਈ ਵੀਡੀਓ ਫੇਸਬੁੱਕ 'ਤੇ ਅਪਲੋਡ ਕਰ ਰਿਹਾ ਹੈ ਪਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਵੀਡੀਓ ਬਣਾਉਣ ਤੋਂ ਬਾਅਦ ਆਪਣੀ ਮਹਿਲਾ ਦੋਸਤ ਨੂੰ ਵੀਡੀਓ ਭੇਜਦਾ ਹੈ ਤੇ ਉਹ ਉਸਦੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫ਼ਾਰਮ 'ਤੇ ਅਪਲੋਡ ਕਰਦੀ ਹੈ। ਖਾਸ ਗੱਲ ਇਹ ਵੀ ਹੈ ਕਿ ਦੀਪ ਸਿੱਧੂ ਦੀ ਇਹ ਮਹਿਲਾ ਮਿੱਤਰ ਵਿਦੇਸ਼ ਵਿੱਚ ਬੈਠ ਕੇ ਕੰਮ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੀਪ ਸਿੱਧੂ ਜਾਂਚ ਏਜੰਸੀ ਨੂੰ ਭਟਕਾਉਣ ਲਈ ਇਸ ਤਰ੍ਹਾਂ ਦੇ ਹੱਥਕੰਡੇ ਅਪਣਾ ਰਿਹਾ ਹੈ।
ਗੌਰਤਲਬ ਹੈ ਕਿ ਦੀਪ ਸਿੱਧੂ ਨੇ ਕੁਝ ਦਿਨ ਪਹਿਲਾਂ ਫੇਸਬੁੱਕ 'ਤੇ ਲਾਈਵ ਹੋ ਕੇ ਕਿਸਾਨ ਆਗੂਆਂ ਨੂੰ ਖੁੱਲ੍ਹੀ ਚਿਤਾਵਨੀ ਦਿੱਤੀ ਸੀ ਕਿ ਜੇ ਉਹ ਆਪਣਾ ਮੂੰਹ ਖੋਲ੍ਹੇਗਾ ਤਾਂ ਕਿਸਾਨ ਅੰਦੋਲਨ ਦੀਆਂ ਅੰਦਰੂਨੀ ਗੱਲਾਂ ਖੋਲ੍ਹੇਗਾ ਅਤੇ ਕਿਸਾਨ ਆਗੂਆਂ ਨੂੰ ਭੱਜਣ ਦਾ ਰਸਤਾ ਵੀ ਨਹੀਂ ਮਿਲੇਗਾ। ਹਾਲਾਂਕਿ ਦੀਪ ਸਿੱਧੂ ਦੀ ਫੇਸਬੁੱਕ ਉਪਰ ਇਹ ਅਖੀਰਲੀ ਵੀਡੀਓ ਸੀ। ਉਸਤੋਂ ਬਾਅਦ ਦੀਪ ਸਿੱਧੂ ਵੱਲੋਂ ਕੋਈ ਵੀ ਵੀਡੀਓ ਅਪਲੋਡ ਨਹੀਂ ਕੀਤੀ ਗਈ।