ਚੰਡੀਗੜ੍ਹ: ਪੰਜਾਬ ਨੂੰ ਜਲਦੀ ਹੀ ਨਵਾਂ ਡੀਜੀਪੀ ਮਿਲ ਸਕਦਾ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਮੌਜੂਦਾ ਡੀਜੀਪੀ ਵੀਕੇ ਭਾਵਰਾ ਕੇਂਦਰੀ ਡੈਪੂਟੇਸ਼ਨ 'ਤੇ ਜਾਣ ਦੀ ਤਿਆਰੀ ਕਰ ਰਹੇ ਹਨ ਕਿਉਂਕਿ ਇਸ ਸਬੰਧੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਪੱਤਰ ਵੀ ਭੇਜਿਆ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੀਕੇ ਭਾਵਰਾ ਤੋਂ ਨਾਰਾਜ਼ ਵੀ ਚਲ ਰਹੀ ਹੈ।
ਵਿਰੋਧੀਆਂ ਦੇ ਨਿਸ਼ਾਨੇ ’ਤੇ ਸਰਕਾਰ: ਦੱਸ ਦਈਏ ਕਿ ਪੰਜਾਬ ’ਚ ਕੁਝ ਸਮਾਂ ਤੋਂ ਹਾਲਾਤ ਠੀਕ ਨਹੀਂ ਹਨ। ਮੁਹਾਲੀ ਹੈਡਕੁਆਰਟਰ ਬਲਾਸਟ ਅਤੇ ਮੂਸੇਵਾਲਾ ਕਤਲ ਮਾਮਲੇ ਤੋਂ ਬਾਅਦ ਭਗਵੰਤ ਮਾਨ ਸਰਕਾਰ ਦੇ ਲਈ ਚੁਣੌਤੀਆਂ ਕਾਫੀ ਵਧੀਆ ਹਨ। ਮੂਸੇਵਾਲਾ ਕਤਲਕਾਂਡ ਤੋਂ ਬਾਅਦ ਲਗਾਤਾਰ ਵਿਰੋਧੀਆਂ ਤੋਂ ਇਲਾਵਾ ਆਮ ਲੋਕ ਵੀ ਸਰਕਾਰ ਦੇ ਉਲਟ ਹੋ ਗਏ। ਇਸ ਦਾ ਨਤੀਜਾ ਸਰਕਾਰ ਨੂੰ ਹੁਣ ਸੰਗਰੂਰ ਦੀ ਲੋਕਸਭਾ ਜ਼ਿਮਨੀ ਚੋਣ ਵਿੱਚ ਭੁਗਤਣਾ ਪਿਆ। ਇਸ ਦੇ ਬਾਅਦ ਪ੍ਰਦੇਸ਼ ਵਿੱਚ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਸਰਕਾਰ ਦੇ ਨਾਲ ਪੁਲਿਸ ਪ੍ਰਬੰਧਕ ਦੀ ਕਾਰਗੁਜਾਰੀ ਉੱਤੇ ਵੀ ਸਵਾਲ ਉੱਠੇ।
ਡੀਜੀਪੀ ਭਾਵਰਾ ਨਾਲ ਮਾਨ ਸਰਕਾਰ ਦੀ ਨਾਰਾਜ਼ਗੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੱਖ ਵੱਖ ਸਿਆਸੀ ਆਗੂ ਪਿੰਡ ਮੂਸਾ ਵਿਖੇ ਉਨ੍ਹਾਂ ਦੇ ਘਰ ਚ ਪਰਿਵਾਰ ਨਾਲ ਅਫਸੋਸ ਜਤਾਉਣ ਲਈ ਪਹੁੰਚੇ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਸੀ। ਪਰ ਇਸ ਦੌਰਾਨ ਉਨ੍ਹਾਂ ਦੇ ਨਾਲ ਕੋਈ ਵੀ ਪੁਲਿਸ ਅਧਿਕਾਰੀ ਨਹੀਂ ਸੀ। ਇਸ ਤੋਂ ਬਾਅਦ ਡੀਜੀਪੀ ਭਾਵਰਾ ਦੇ ਨਾਲ ਮਾਨ ਸਰਕਾਰ ਦੀ ਨਾਰਾਜਗੀ ਸਾਹਮਣੇ ਆਉਣ ਲੱਗੀ। ਹਾਲਾਂਕਿ ਇਸ ਦੌਰਾਨ ਸੀਐੱਮ ਮਾਨ ਨੇ ਕਤਲਕਾਂਡ ਦੇ ਮੁਲਜ਼ਮਾਂ ਨੂੰ ਹਰ ਹਾਲ ਚ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਸੀ।
ਸੰਗਰੂਰ ਜ਼ਿਮਨੀ ਚੋਣਾਂ ’ਚ 'ਆਪ' ਦੀ ਹਾਰ: ਇੱਕ ਪਾਸੇ ਜਿੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਵੱਲੋਂ ਘੇਰਿਆ ਜਾ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਸੰਗਰੂਰ ਜ਼ਿਮਨੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜਦਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਇਥੋਂ ਦੋ ਵਾਰ ਐਮਪੀ ਰਹਿ ਚੁੱਕੇ ਹਨ। ਹਾਲਾਂਕਿ ਤਿੰਨ ਮਹੀਨਿਆਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਈ ਵੱਡੇ ਕਦਮ ਚੁੱਕੇ ਗਏ ਪਰ ਚੋਣਾਂ ਦੌਰਾਨ ਪੰਜਾਬ ਦੀ ਕਾਨੂੰਨ ਵਿਵਸਥਾ ਮੁੱਖ ਮੁੱਦਾ ਰਿਹਾ। ਦੱਸ ਦਈਏ ਕਿ ਵੀਕੇ ਭਾਵਰਾ ਨੂੰ ਪਿਛਲੀ ਸਰਕਾਰ ਵੱਲੋਂ ਡੀਜੀਪੀ ਲਗਾਇਆ ਗਿਆ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਹਟਾਇਆ ਨਹੀਂ ਗਿਆ ਸੀ।
ਨਵੇਂ ਡੀਜੀਪੀ ਦੇ ਅਹੁਦੇ ਲਈ ਇਨ੍ਹਾਂ ਨਾਵਾਂ ਦੀ ਚਰਚਾ: ਪੰਜਾਬ ਦੇ ਨਵੇਂ ਡੀਜੀਪੀ ਦੇ ਅਹੁਦੇ ਦੇ ਲਈ ਚਾਰ ਨਾਵਾਂ ਦੀ ਚਰਚਾ ਹੋ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗੌਰਵ ਯਾਦਵ, ਹਰਪ੍ਰੀਤ ਸਿੱਧੂ, ਐਸਐਸ ਚੌਹਾਨ, ਅਤੇ ਸੰਜੀਵ ਕਾਲੜਾ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ। ਇਨ੍ਹਾਂ ’ਚ ਹਰਪ੍ਰੀਤ ਸਿੱਧੂ ਅਤੇ ਗੌਰਵ ਯਾਦਵ ਦੇ ਨਾਂਵਾਂ ’ਤੇ ਜਿਆਦਾ ਚਰਚਾ ਹੋ ਰਹੀ ਹੈ।
ਯਾਦਵ ਅਤੇ ਸਿੱਧੂ ਨੂੰ ਦਿੱਤੀ ਗਈ ਹੈ ਇਹ ਜਿੰਮੇਵਾਰੀ: ਦੱਸ ਦਈਏ ਕਿ ਹਰਪ੍ਰੀਤ ਸਿੱਧੂ ਅਤੇ ਗੌਰਵ ਯਾਦਵ ਦੇ ਨਾਵਾਂ ’ਤੇ ਡੀਜੀਪੀ ਦੇ ਅਹੁਦੇ ਲਈ ਖਾਸਤੌਰ ’ਤੇ ਚਰਚਾ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੌਰਵ ਯਾਦਵ ਨੂੰ ਸਪੈਸ਼ਲ ਪ੍ਰਿੰਸੀਪਲ ਸੈਕੇਟਰੀ ਲਗਾਇਆ ਗਿਆ ਹੈ ਦੂਜੇ ਪਾਸੇ ਹਰਪ੍ਰੀਤ ਸਿੱਧੂ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਹਨ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਨੂੰ ਲੈ ਕੇ ਵੱਡੀ ਜਿੰਮੇਦਾਰੀ ਸੌਂਪੀ ਗੋਈ ਹੈ।
ਕੈਪਟਨ ਦੇ ਅਸਤੀਫੇ ਤੋਂ ਬਾਅਦ ਡੀਜੀਪੀ ਗੁਪਤਾ ਲਾਂਬੇ: ਦੱਸ ਦਈਏ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਸ ਸਮੇਂ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਸਮੇਂ ਦੇ ਮੁੱਖ ਮੰਤਰੀ ਜੋ ਕਿ ਥੋੜ੍ਹੇ ਸਮੇਂ ਲਈ ਮੁੱਖ ਮੰਤਰੀ ਦੀ ਕੁਰਸੀ ’ਤੇ ਰਹੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਕਬਾਲਪ੍ਰੀਤ ਸਹੋਤਾ ਨੂੰ ਡੀਜੀਪੀ ਵਜੋਂ ਤਾਇਨਾਤ ਕਰ ਦਿੱਤਾ ਗਿਆ।
ਚੰਨੀ ਸਰਕਾਰ ਸਮੇਂ ਬਦਲੇ ਤਿੰਨ ਨਵੇਂ ਡੀਜੀਪੀ: ਚਰਨਜੀਤ ਚੰਨੀ ਵੱਲੋਂ ਨਿਯੁਕਤ ਕੀਤੇ ਗਏ ਡੀਜੀਪੀ ਇਕਬਾਲ ਸਹੋਤਾ ਖਿਲਾਫ ਉਸ ਸਮੇਂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਨੇ ਮੋਰਚਾ ਖੋਲ੍ਹ ਦਿੱਤਾ ਸੀ ਜਿਸ ਤੋਂ ਬਾਅਦ ਸਰਕਾਰ ਨੂੰ ਡੀਜੀਪੀ ਤਬਦੀਲ ਕਰਨਾ ਪਿਆ। ਉਸ ਸਮੇਂ ਸਰਕਾਰ ਵੱਲੋਂ ਸਿਧਾਰਥ ਚਟੋਪਾਧਿਆਏ ਨੂੰ ਡੀ.ਜੀ.ਪੀ. ਵਜੋਂ ਤਾਇਨਾਤ ਕਰ ਦਿੱਤਾ। ਉਸ ਤੋਂ ਬਾਅਦ ਚੰਨੀ ਸਰਕਾਰ ਵੱਲੋਂ ਯੂਪੀਐਸੀ ਨੂੰ ਇੱਕ ਪੈਨਲ ਭੇਜਿਆ ਗਿਆ ਸੀ ਅਤੇ ਜਿਸ ਤੋਂ ਨਾਮ ਆਉਣ ਤੋਂ ਬਾਅਦ ਪੰਜਾਬ ਵਿੱਚ ਚੋਣ ਦੇ ਚੱਲਦੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਕੁਝ ਸਮਾਂ ਪਹਿਲਾਂ ਵੀ.ਕੀ ਭਾਵਰਾ ਨੂੰ ਡੀਜੀਪੀ ਵਜੋਂ ਤਾਇਨਾਤ ਕੀਤਾ ਗਿਆ ਸੀ।
ਇਹ ਵੀ ਪੜੋ: ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੰਗਿਆ ਸਮਰਥਨ, ਜਾਣੋਂ ਕਿਉਂ ਪਈ ਲੋੜ...