ਚੰਡੀਗੜ੍ਹ: ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ (Punjab congress in charge harish choudhary) ਨੇ ਕਿਹਾ ਹੈ ਕਿ ਭੁਪਿੰਦਰ ਸਿੰਘ ਹਨੀ ’ਤੇ ਈਡੀ ਦੀ ਹੋਈ ਛਾਪੇਮਾਰੀ (ED raids channi's relative) ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕੋਈ ਲੈਣ ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਡਰਦੀ ਹੈ, ਉਦੋਂ ਚੋਣ ਰਾਜਾਂ ਵਿੱਚ ਈਡੀ ਕਾਰਵਾਈ ਕਰਨ ਆਉਂਦੀ ਹੈ। ਚੌਧਰੀ ਨੇ ਕਿਹਾ ਕਿ ਕੇਂਦਰ ਸਰਕਾਰ ਸ਼ਾਇਦ ਇਹ ਭੁੱਲ ਗਈ ਹੈ ਕਿ ਪੰਜਾਬ ਨਾਲ ਟੱਕਰ ਲੈਣਾ ਸੌਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਮੁਗਲਾਂ ਨੇ ਹਰਾਉਣ ਦੀ ਕੋਸ਼ਿਸ਼ ਕੀਤੀ ਤੇ ਅੰਗਰੇਜਾਂ ਨੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੂੰਹ ਦੀ ਖਾਣੀ ਪਈ ਤੇ ਇਸੇ ਤਰ੍ਹਾਂ ਕੇਂਦਰ ਨੂੰ ਮੂੰਹ ਦੀ ਖਾਣੀ ਪਵੇਗੀ।
ਸੀਐਮ ਚਿਹਰੇ ਦਾ ਐਲਾਨ 6 ਫਰਵਰੀ ਨੂੰ
ਹਰੀਸ਼ ਚੌਧਰੀ ਇਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ, ਚਰਨਜੀਤ ਸਿੰਘ ਚੰਨੀ ਅਤੇ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਤੇ ਇਹ ਵੀ ਐਲਾਨ ਕੀਤਾ ਸੀ ਕਿ ਚੋਣਾਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਕੇ ਲੜੀਆਂ ਜਾਣਗੀਆਂ ਤੇ ਇਸੇ ਬਾਰੇ ਹੁਣ ਛੇ ਫਰਵਰੀ ਨੂੰ ਰਾਹੁਲ ਗਾਂਧੀ ਲੁਧਿਆਣਾ ਵਿਖੇ ਸੀਐਮ ਚਿਹਰੇ ਦਾ ਐਲਾਨ ਕਰਨਗੇ (Rahul will announce cm face on 6 feb)। ਉਨ੍ਹਾਂ ਦੱਸਿਆ ਕਿ ਉਹ ਵਰਚੁਅਲ ਤਰੀਕੇ ਰਾਹੀਂ ਕਾਂਗਰਸੀ ਵਰਕਰਾਂ ਦੀ ਇੱਕ ਮੀਟਿੰਗ ਵੀ ਸੂਬੇ ਭਰ ਵਿੱਚ ਲੈਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਰਾਏ ਲੈਣ ਉਪਰੰਤ ਹੀ ਸੀਐਮ ਚਿਹਰਾ ਐਲਾਨਿਆ ਜਾ ਰਿਹਾ ਹੈ।
ਰਿਸ਼ਤੇਦਾਰ ਵਿਰੁੱਧ ਕਾਰਵਾਈ ਲਈ ਚੰਨੀ ਨਹੀਂ ਜਿੰਮੇਵਾਰ
ਪੰਜਾਬ ਕਾਂਗਰਸ ਇੰਚਾਰਜ ਨੇ ਕਿਹਾ ਕਿ ਸੀਐਮ ਚੰਨੀ ਦੇ ਰਿਸ਼ਤੇਦਾਰ ਦੇ ਘਰ ਤੋਂ ਜੋ 10 ਕਰੋੜ ਦੀ ਬਰਾਮਦਗੀ ਹੋਈ, ਉਹ ਛਾਪੇਮਾਰੀ ਕਿਸ ਮਕਸਦ ਨਾਲ ਕੀਤੀ ਗਈ, ਇਹ ਸ਼ੱਕ ਦੇ ਦਾਇਰੇ ਵਿੱਚ ਹੈ ਕਿ ਕੀ ਇਹ ਛਾਪੇਮਾਰੀ ਸਹੀ ਸੀ ਜਾਂ ਗਲਤ। ਉਨ੍ਹਾਂ ਕਿਹਾ ਕਿ ਜੇਕਰ ਇਸ ਬਾਰੇ ਕੋਈ ਅਧਿਕਾਰਤ ਤੌਰ ’ਤੇ ਬੋਲੇਗਾ ਤਾਂ ਸਾਰਾ ਕੁਝ ਸਪਸ਼ਟ ਹੋ ਜਾਏਗਾ। ਉਨ੍ਹਾਂ ਕਿਹਾ ਕਿ ਇਸ ਬਰਾਮਦਗੀ ਨਾਲ ਸੀਐਮ ਚੰਨੀ ਦਾ ਕੋਈ ਤਾਲੁੱਕ ਨਹੀਂ ਹੈ ਤੇ ਨਾ ਹੀ ਇਹ ਮੁੱਖ ਮੰਤਰੀ ਲਈ ਤੇ ਨਾ ਹੀ ਕਾਂਗਰਸ ਲਈ ਕੋਈ ਨਮੋਸ਼ੀ ਵਾਲੀ ਗੱਲ ਹੈ।
ਕਾਂਗਰਸ ਵਿਰੁੱਧ ਪ੍ਰਚਾਰ ਕਰਨ ਵਾਲੇ ਵਿਰੁੱਧ ਹੋਵੇਗੀ ਕਾਰਵਾਈ
ਪਾਰਟੀ ਦੇ ਅਨੁਸ਼ਾਸ਼ਨ ਬਾਰੇ ਬੋਲਦਿਆਂ ਹਰੀਸ਼ ਰਾਵਤ ਨੇ ਕਿਹਾ ਕਿ ਜੇਕਰ ਕੋਈ ਕਾਂਗਰਸੀ ਵਿਰੋਧੀਆਂ ਦਾ ਸਮਰਥਨ ਕਰੇਗਾ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤੇ ਭਾਵੇਂ ਸੀਐਮ ਚੰਨੀ ਹੀ ਕਿਉਂ ਨਾ ਹੋਣ ਕਿ ਉਹ ਆਪਣੇ ਭਰਾ ਲਈ ਪ੍ਰਚਾਰ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਂਗਰਸ ਵਿਰੁੱਧ ਪ੍ਰਚਾਰ ਕਰੇਗਾ, ਉਸ ਵਿਰੁੱਧ ਅਨੁਸ਼ਾਸਕੀ ਕਾਰਵਾਈ ਜਰੂਰ ਕੀਤੀ ਜਾਵੇਗੀ। ਸੀਐਮ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਵੇਲੇ ਹੋਈ ਵੋਟਿੰਗ ਬਾਰੇ ਹਰੀਸ਼ ਚੌਧਰੀ ਨੇ ਪੱਲਾ ਝਾੜ ਲਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਕਿਸ ਨੂੰ ਕਿੰਨੀਆਂ ਵੋਟਾਂ ਮਿਲੀਆਂ। ਜਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਪ੍ਰਚਾਰ ਹੋ ਰਿਹਾ ਹੈ ਕਿ ਚੰਨੀ ਨੂੰ ਸਿਰਫ ਦੋ ਵੋਟਾਂ ਪਈਆਂ ਸੀ।
ਚੰਨੀ ਦਾ ਕੀਤਾ ਬਚਾਅ
ਸੀਐਮ ਚੰਨੀ ਦਾ ਬਚਾਅ ਕਰਦਿਆਂ ਹਰੀਸ਼ ਚੌਧਰੀ ਨੇ ਕਿਹਾ ਕਿ ਉਹ ਇੱਕ ਆਮ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ ਵੱਡੀਆੰ ਤਾਕਤਾਂ ਨਾਲ ਲੜਦੇ ਰਹੇ। ਭਾਵੇਂ ਡਰੱਗਜ਼ ਤਸਕਰੀ ਦੀ ਹੋਵੇ ਤੇ ਜਾਂ ਫੇਰ ਟਰਾਂਸਪੋਰਟ ਮਾਫੀਆ ਦੀ। ਉਨ੍ਹਾਂ ਕਿਹਾ ਕਿ ਡਰੱਗਜ਼ ਕੇਸ ਲਈ ਅਦਾਲਤੀ ਕਾਰਵਾਈ ਲਈ ਵੱਡੇ ਤੋਂ ਵੱਡਾ ਵਕੀਲ ਕੀਤਾ ਗਿਆ ਤੇ ਨਤੀਜਾ ਹੁਣ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਨੀ ਨੇ ਪੂੰਜੀਪਤੀਆਂ ਵਿਰੁੱਧ ਲੜਾਈ ਲੜੀ ਪਰ ਝੁਕੇ ਨਹੀਂ।
ਗੋਡੇ ਟੇਕਣ ਵਾਲੇ ਕੇਜਰੀਵਾਲ ਦਾ ਸਾਥ ਨਹੀਂ ਦੇਣਗੇ ਪੰਜਾਬੀ
ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਦੀ ਜਨਤਾ ਸਿਆਣੀ ਹੈ ਤੇ ਮਾਫੀਆ ਅੱਗੇ ਗੋਡੇ ਟੇਕਣ ਵਾਲਿਆਂ ਦਾ ਸਾਥ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਡਰੱਗਜ਼ ਕੇਸ ਵਿੱਚ ਬਿਆਨ ਦੇ ਕੇ ਬਾਅਦ ਵਿੱਚ ਮਾਫੀ ਮੰਗੀ ਜਦੋਂਕਿ ਸੀਐਮ ਚਰਨਜੀਤ ਸਿੰਘ ਚੰਨੀ ਡਰੱਗਜ਼ ਤਸਕਰੀ ਦੇ ਵਿਰੁੱਧ ਡਟ ਕੇ ਖੜ੍ਹੇ ਰਹੇ ਤੇ ਡਰੱਗਜ਼ ਕੇਸ ਵਿੱਚ ਪੂਰੀ ਪੈਰਵੀ ਕੀਤੀ। ਇਸ ਲਈ ਅਦਾਲਤ ਵਿੱਚ ਪੂਰੀ ਪੈਰਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋਕ ਕੇਜਰੀਵਾਲ ਦਾ ਸਾਥ ਨਾ ਦੇ ਕੇ ਕਾਂਗਰਸ ਦਾ ਸਾਥ ਦੇਣਗੇ।
ਇਹ ਵੀ ਪੜ੍ਹੋ: Punjab Assembly Election: ਭਾਜਪਾ, ਕੈਪਟਨ ਤੇ ਢੀਂਡਸਾ ਗੱਠਜੋੜ ਵੱਲੋਂ ਸੰਕਲਪ ਪੱਤਰ ਜਾਰੀ