ਚੰਡੀਗੜ੍ਹ: ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਸੀ ਜੋ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵੋਟਿੰਗ ਤੋਂ ਦੋ ਦਿਨ ਪਹਿਲਾਂ ਚੋਣ ਪ੍ਰਚਾਰ ਬੰਦ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਹੁਣ ਵੋਟਾਂ ਪੈ ਚੁੱਕੀਆਂ ਹਨ ਅਤੇ ਲੀਡਰਾਂ ਨੇ ਥੋੜ੍ਹਾ ਸੁੱਖ ਦਾ ਸਾਹ ਜ਼ਰੂਰ ਲਿਆ ਹੋਵੇਗਾ। ਸਿਆਸੀ ਪਾਰਟੀਆਂ ਵੱਲੋਂ ਪਿਛਲੇ ਮਹੀਨਿਆਂ ਤੋਂ ਲਗਾਤਾਰ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਸੀ ਤਾਂ ਕਿ ਵੋਟਰਾਂ ਨੂੰ ਆਪਣੇ ਵੱਲ ਭੁਗਤਾਇਆ ਜਾ ਸਕੇ।
ਈਟੀਵੀ ਭਾਰਤ ’ਤੇ ਚੋਣ ਦੰਗਲ ਦੀ ਮਹਾਕਵਰੇਜ
ਜੇਕਰ ਅੱਜ ਦੀ ਪੂਰੀ ਵੋਟਿੰਗ ਦੀ ਚਰਚਾ ਕੀਤੀ ਜਾਵੇ ਤਾਂ ਈਟੀਵੀ ਭਾਰਤ ’ਤੇ ਇਸ ਚੋਣ ਦੰਗਲ ਦੀ ਮਹਾਕਵਰੇਜ ਕੀਤੀ ਗਈ ਅਤੇ ਦਰਸ਼ਕਾਂ ਤੱਕ ਹਰ ਇੱਕ ਪਲ ਦੀ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵੋਟਿੰਗ ਦੌਰਾਨ ਪੰਜਾਬ ਵਿੱਚ ਕਈ ਥਾਵਾਂ ਉੱਪਰ ਵੱਡੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਇਸ ਦੌਰਾਨ ਹੀ ਕਈ ਵੱਖਰੇ ਰੰਗ ਦੇਖਣ ਨੂੰ ਮਿਲੇ।
ਵੋਟਿੰਗ ਦੌਰਾਨ ਕਿੱਥੇ-ਕਿੱਥੇ ਵਾਪਰੀਆਂ ਵੱਡੀਆਂ ਘਟਨਾਵਾਂ ?
![ਆਪ ਉਮੀਦਵਾਰ ਲਾਭ ਸਿੰਘ ਉੱਗੋਕੇ ਦੀ ਗੱਡੀ ਉੱਤੇ ਹਮਲਾ](https://etvbharatimages.akamaized.net/etvbharat/prod-images/14521817_taz123_aspera.jpg)
ਇੰਨ੍ਹਾਂ ਵੱਡੀਆਂ ਘਟਨਾਵਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਵੱਡੀ ਘਟਨਾ ਬਰਨਾਲਾ ਦੇ ਭਦੌੜ ਹਲਕੇ ਵਿੱਚ ਵਾਪਰੀ ਜਿੱਥੇ ਕਾਂਗਰਸ ਉਮੀਦਵਾਰ ਚਰਨਜੀਤ ਚੰਨੀ ਖਿਲਾਫ਼ ਚੋਣ ਲੜਨ ਵਾਲੇ ਆਪ ਉਮੀਦਵਾਰ ਲਾਭ ਸਿੰਘ ਉੱਗੋਕੇ ਦੀ ਗੱਡੀ ਉੱਤੇ ਹਮਲਾ ਹੋਇਆ। ਇਸ ਹਮਲੇ ਨੂੰ ਲੈਕੇ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਭਾਜਪਾ ਵਰਕਰਾਂ ਵੱਲੋਂ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਹੈ।
ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਵੋਟਿੰਗ ਦੌਰਾਨ ਅਕਾਲੀ ਕਾਂਗਰਸੀ ਆਹਮੋ ਸਾਹਮਣੇ ਹੁੰਦੇ ਵਿਖਾਈ ਦਿੱਤੇ। ਇਸ ਝੜਪ ਦੌਰਾਨ ਸਾਬਕਾ ਅਕਾਲੀ ਕੌਂਸਲਰ ਦੇ ਪੁੱਤ ਤੇ ਗੋਲੀ ਚਲਾਈ ਗਈ।
ਇਸੇ ਤਰ੍ਹਾਂ ਹੀ ਗਿੱਦੜਬਾਹਾ ’ਚ ਵੀ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਖੂਨੀ ਝੜਪ ਹੋਈ। ਇਸ ਝੜਪ ਦੌਰਾਨ ਇੱਕ ਦੂਜੇ ਉੱਪਰ ਤਲਵਾਰਾਂ ਨਾਲ ਹਮਲਾ ਕੀਤਾ ਗਿਆ।
![ਅਕਾਲੀ ਕਾਂਗਰਸੀਆਂ 'ਚ ਝੜਪ](https://etvbharatimages.akamaized.net/etvbharat/prod-images/14521817_taz6678_aspera.jpeg)
ਲੁਧਿਆਣਾ ਦੇ ਹਲਕਾ ਕੇਂਦਰੀ ਵਿੱਚ ਦੋ ਗੁੱਟਾਂ ਵਿਚਾਲੇ ਝੜਪ ਦੇਖਣ ਨੂੰ ਮਿਲੀ। ਇਸ ਦੌਰਾਨ ਭਾਜਪਾ ਦੇ ਵਰਕਰਾਂ ਵੱਲੋਂ ਸੜਕ ਜਾਮ ਕਰਕੇ ਧਰਨਾ ਲਾਇਆ ਗਿਆ ਜਿਸ ਕਾਰਨ ਮਾਹੌਲ ਤਣਾਅਪੂਰਨ ਬਣਿਆ ਵਿਖਾਈ ਦਿੱਤਾ।
ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਹੋਰ ਕਈ ਥਾਵਾਂ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਿੱਥੇ ਸਿਆਸੀ ਪਾਰਟੀਆਂ ਦੇ ਆਗੂ ਜਾਂ ਫਿਰ ਵਰਕਰ ਆਪਸ ਵਿੱਚ ਭਿਦੜੇ ਨਜ਼ਰ ਆਏ।
ਵੋਟ ਪਾਉਣ ਆਏ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਵਿਧਾਨ ਸਭਾ ਚੋਣਾਂ ਦੌਰਾਨ ਖੰਨਾ ਵਿੱਚ 80 ਸਾਲਾ ਬਜ਼ੁਰਗ ਦੀ ਬੂਥ ’ਤੇ ਦਿਲ ਦਾ ਦੌਰਾਨ ਪੈਣ ਕਾਰਣ ਮੌਤ ਹੋ ਗਈ। ਖੰਨਾ ਦੇ ਬੂਥ ਨੰਬਰ 121 ਵਿਚ ਸਥਾਨਕ ਏ. ਐੱਸ. ਹਾਈ. ਸਕੂਲ ਦਾ ਰਿਟਾਇਰਡ ਮਾਸਟਰ ਦਿਵਾਨ ਚੰਦ ਜਿਵੇਂ ਹੀ ਵੋਟ ਪਾਉਣ ਲਈ ਸੈਂਟਰ ਵਿਚ ਦਾਖਲ ਹੋਏ ਤਾਂ ਉਹ ਅਚਾਨਕ ਜ਼ਮੀਨ ’ਤੇ ਡਿੱਗ ਗਏ। ਉਕਤ ਨੂੰ ਤੁਰੰਤ ਬੂਥ ਦੇ ਸਾਹਮਣੇ ਹੀ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਵੋਟਿੰਗ ਦੌਰਾਨ ਵੱਖਰੇ ਰੰਗ
ਇਸ ਵੋਟਿੰਗ ਦੌਰਾਨ ਕਈ ਹੋਰ ਵੱਖਰੇ ਰੰਗ ਦੇਖਣ ਨੂੰ ਮਿਲੇ ਜਿੰਨ੍ਹਾਂ ਹਰ ਇੱਕ ਦਾ ਧਿਆਨ ਆਪਣੇ ਵੱਲ ਖਿੱਚਿਆ।
ਸਿਆਸਤ ਦਾ ਨਵਾਂ ਰੰਗ, ਹਰ ਦੇਖਣ ਵਾਲਾ ਹਰ ਇੱਕ ਹੋਇਆ ਹੈਰਾਨ
ਸਭ ਤੋਂ ਪਹਿਲਾਂ ਜੇਕਰ ਸਿਆਸੀ ਰੰਗ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਸਭ ਤੋਂ ਵੱਧ ਹੌਟ ਸੀਟ ਅੰਮ੍ਰਿਤਸਰ ਪੂਰਬੀ ਵਿਧਾਨਸਭਾ ਹਲਕੇ ਤੋਂ ਕੁਝ ਵੱਖਰੀਆਂ ਹੀ ਤਸਵੀਰਾਂ ਵੇਖਣ ਨੂੰ ਮਿਲੀਆਂ। ਤਸਵੀਰ ਅਜਿਹੀਆਂ ਜੋ ਪੰਜਾਬ ਦੀ ਸਿਆਸਤ ਤੋਂ ਲੈਕੇ ਪੰਜਾਬ ਦੀਆਂ ਸੱਥਾਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਵੋਟਿੰਗ ਦੌਰਾਨ ਨਵਜੋਤ ਸਿੱਧੂ ਅਤੇ ਬਿਕਮਰ ਮਜੀਠੀਆ ਇੱਕ ਦੂਜੇ ਆਹਮੋ ਸਾਹਮਣੇ ਖੜ੍ਹੇ ਹੋ ਗਏ ਪਰ ਇਸ ਆਹਮੋ ਸਾਹਮਣੇ ਖੜ੍ਹੇ ਹੋਣ ਤੇ ਇੱਕ ਦੂਜੇ ਖਿਲਾਫ ਕੀਤੀਆਂ ਜਾਂਦੀਆਂ ਪ੍ਰੈਸ ਕਾਨਫਰੰਸ ਵਿੱਚ ਜ਼ਮੀਨ ਆਸਮਾਨ ਦਾ ਫਰਕ ਸਾਫ ਵਿਖਾਈ ਦਿੱਤਾ ਕਿਉਂਕਿ ਦੋਵੇਂ ਦਿੱਗਜਾਂ ਵੱਲੋਂ ਇੱਕ ਦੂਜੇ ਕੋਲੋਂ ਲੰਘਣ ਦੀ ਬਜਾਇ ਇੱਕ ਦੂਜੇ ਨੂੰ ਬੁਲਾ ਕੇ ਹਾਲ ਚਾਲ ਪੁੱਛ ਕੇ ਲੰਘੇ।
ਸਭ ਤੋਂ ਵੱਧ ਉਮਰ ਦੇ ਬਜ਼ੁਰਗ ਨੇ ਪਾਈ ਵੋਟ
ਜਲੰਧਰ ਵਿਖੇ 91 ਸਾਲਾ ਬਜ਼ੁਰਗ ਵਿਅਕਤੀ ਵੱਲੋਂ ਵੋਟ ਪਾਈ ਗਈ। ਸਾਡੀ ਟੀਮ ਨਾਲ ਗੱਲ ਕਰਦੇ ਹੋਏ 91 ਸਾਲਾ ਓਮ ਪ੍ਰਕਾਸ਼ ਭਾਟੀਆ ਨੇ ਕਿਹਾ ਕਿ ਉਨ੍ਹਾਂ ਨੇ ਹਰ ਇੱਕ ਚੋਣ ’ਚ ਆਪਣੀ ਵੋਟ ਪਾਈ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਵੋਟਾਂ ’ਚ ਦਿਲਚਸਪੀ ਨਜ਼ਰ ਆ ਰਹੀ ਹੈ ਆਖਰੀ ਵਿੱਚ ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਵੋਟ ਪਾਉਣੀ ਚਾਹੀਦੀ ਹੈ।
ਪਹਿਲੀ ਵਾਰ ਵੋਟ ਪਾਉਣ ਵਾਲੇ ਲੜਕੇ-ਲੜਕੀਆਂ ਚ ਦਿਖਿਆ ਉਤਸ਼ਾਹ
![ਪਹਿਲੀ ਵਾਰ ਵੋਟ ਪਾਉਣ ਵਾਲੀਆਂ ਲੜਕੀਆਂ ਦੀ ਅਪੀਲ](https://etvbharatimages.akamaized.net/etvbharat/prod-images/14521817_taz7777_aspera.jpg)
ਇੰਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨ ਵਾਲੇ ਨੌਜਵਾਨ ਲੜਕੇ ਲੜਕੀਆਂ ਚ ਵੋਟ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਮਾਨਸਾ ਵਿਖੇ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨ ਵਾਲੀਆਂ ਲੜਕੀਆਂ ਵੱਲੋਂ ਵੋਟ ਪਾਈ ਗਈ ਹੈ। ਇਸ ਦੌਰਾਨ ਉਨ੍ਹਾਂ ਹੋਰ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਪੰਜਾਬ ਵਿੱਚ ਵਧੀਆ ਅਤੇ ਸਾਫ ਸੁਥਰੀ ਸਰਕਾਰ ਬਣਾਉਣ ਦੇ ਲਈ ਵਧ ਚੜ੍ਹ ਕੇ ਵੋਟਾਂ ਵਿੱਚ ਹਿੱਸਾ ਲੈਣ।
ਲਾੜੀਆਂ ਨੂੰ ਵਿਆਹੁਣ ਤੋਂ ਪਹਿਲਾਂ ਲਾੜੇ ਪਹੁੰਚੇ ਵੋਟ ਪਾਉਣ
ਵਿਆਹ ਤੋਂ ਪਹਿਲਾਂ ਵੱਖ ਵੱਖ ਹਲਕਿਆਂ ਤੋਂ ਲਾੜਿਆਂ ਨੇ ਵੋਟ ਪਾਈ। ਹਲਕਾ ਬਾਬਾ ਬਕਾਲਾ ਦੇ ਪਿੰਡ ਨਾਗੋਕੇ ਵਿਖੇ ਸੁਖਰਾਜ ਸਿੰਘ ਵੱਲੋਂ ਵੋਟ ਪਾਈ ਗਈ।
ਇਸ ਤੋਂ ਇਲਾਵਾ ਭਿੱਖੀਵਿੰਡ ’ਚ ਵੀ ਵਿਆਹ ਤੋਂ ਪਹਿਲਾਂ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ। ਇਸ ਦੌਰਾਨ ਲਾੜੇ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਫਿਰੋਜ਼ਪੁਰ ’ਚ ਲਾੜੇ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ।
ਸੂਬੇ ’ਚ ਕੁੱਲ ਵੋਟਰਾਂ ਦੀ ਗਿਣਤੀ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਕੁੱਲ 21499804 ਵੋਟਰ ਹਨ। ਜਿੰਨ੍ਹਾਂ ਵਿੱਚ 11298081 ਪੁਰਸ਼, 10200996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿੱਚ 1304 ਉਮੀਦਵਾਰ ਚੋਣ ਮੈਦਾਨ ਚ ਹਨ ਜਿੰਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਸ਼ਾਮਲ ਹਨ। ਪੰਜਾਬ ਦੇ ਇੰਨ੍ਹਾਂ ਵੋਟਰਾਂ ਨੇ ਆਪਣਾ ਆਖਰੀ ਫੈਸਲਾ ਲੈ ਲਿਆ ਹੈ ਤੇ 10 ਫਰਵਰੀ ਨੂੰ ਪੰਜਾਬ ਦੇ ਲੋਕਾਂ ਦਾ ਫੈਸਲਾ ਜਨਤਕ ਹੋਵੇਗਾ।
ਕਿੰਨੇ ਫੀਸਦ ਹੋਈ ਵੋਟਿੰਗ ?
ਦੱਸ ਦਈਏ ਕਿ ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਉੱਤੇ ਵੋਟਿੰਗ ਦਾ ਸਮਾਂ ਖਤਮ ਹੋ ਚੱਕਿਆ ਹੈ ਤੇ ਬੂਥ ਦੇ ਅੰਦਰ ਸ਼ਾਮ 6 ਵਜੇ ਤੱਕ ਲਾਈਨ ਵਿਚ ਲੱਗੇ ਵੋਟਰਾਂ ਨੂੰ ਵੋਟ ਪਾਉਣ ਦਾ ਮੌਕਾ ਵੀ ਦਿੱਤਾ ਗਿਆ। ਇਸ ਤੋਂ ਪਹਿਲਾਂ ਸ਼ਾਮ 5 ਵਜੇ ਤੱਕ ਸੂਬੇ ਵਿਚ 63.44 ਫੀਸਦ ਵੋਟਿੰਗ ਹੋਈ ਸੀ। ਸਭ ਤੋਂ ਵਧੇਰੇ 73.45 ਫੀਸਦੀ ਵੋਟਿੰਗ ਮਾਨਸਾ ਵਿੱਚ ਹੋਈ ਹੈ, ਜਦਕਿ ਮੋਹਾਲੀ ਵਿਚ ਸਭ ਤੋਂ ਘੱਟ ਸਿਰਫ 53.10 ਫੀਸਦ ਵੋਟਿੰਗ ਦਰਜ ਕੀਤੀ ਗਈ ਹੈ।
10 ਮਾਰਚ ਨੂੰ ਚੋਣ ਨਤੀਜੇ
ਹੁਣ ਵੱਡਾ ਸਵਾਲ ਪੰਜਾਬ ਦੇ ਨਵੇਂ ਸਰਦਾਰ ਨੂੰ ਲੈਕੇ ਹੈ ਜਿਸ ’ਤੇ ਸਭ ਦੀਆਂ ਨਜ਼ਰ ਟਿਕ ਗਈਆਂ ਹਨ। ਹੁਣ 10 ਮਾਰਚ ਨੂੰ ਨਤੀਜੇ ਤੈਅ ਕਰਨਗੇ ਕਿ ਕੌਣ ਪੰਜਾਬ ਦਾ ਨਵਾਂ ਸਰਦਾਰ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਵੱਖ-ਵੱਖ ਹਿੱਸਿਆ ਤੋਂ ਹੋਈਆਂ ਝੜਪਾਂ, ਸੋਨੂੰ 'ਤੇ ਹੋਈ ਕਾਰਵਾਈ, ਦੇਖੋ ਰਿਪੋਰਟ