ਲੁਧਿਆਣਾ: ਪੰਜਾਬ ਦੀ ਫ਼ਿਲਮ ਇੰਡਸਟਰੀ ਲਗਾਤਾਰ ਬੁਲੰਦੀਆਂ ’ਤੇ ਜਾ ਰਹੀ ਹੈ। ਕੋਈ ਸਮਾਂ ਸੀ ਜਦੋਂ ਪੰਜਾਬੀ ਫ਼ਿਲਮਾਂ ਬਣਨੀਆਂ ਹੀ ਬੰਦ ਹੋ ਗਈਆਂ ਸਨ ਪਰ ਉਸ ਤੋਂ ਬਾਅਦ ਹਰਭਜਨ ਮਾਨ ਵੱਲੋਂ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਲਈ ਉਪਰਾਲੇ ਕੀਤੇ ਅਤੇ ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ਬਣਾ ਕੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਮੁੜ ਤੋਂ ਲੀਹ ਉੱਤੇ ਲਿਆਂਦਾ। ਅੱਜ ਪੰਜਾਬੀ ਫ਼ਿਲਮ ਇੰਡਸਟਰੀ ਨਾ ਸਿਰਫ਼ ਪੰਜਾਬ ਤੱਕ ਸਗੋਂ ਵਿਦੇਸ਼ਾਂ ਤੱਕ ਪਹੁੰਚ ਚੁੱਕੀ ਹੈ। ਪੰਜਾਬੀ ਫਿਲਮਾਂ ਵਿਸ਼ਵ ਪੱਧਰ ’ਤੇ ਰਿਲੀਜ਼ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਹੁਣ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਮਿਊਜ਼ਿਕ ਇੰਡਸਟਰੀ ’ਤੇ ਵੀ ਗੈਂਗਸਟਰਾਂ ਦੀ ਨਜ਼ਰ ਆ ਚੁੱਕੀ ਹੈ। ਕਮਰਸ਼ੀਅਲ ਰਿਲੀਜ਼ ਹੋਣ ਤੋਂ ਬਾਅਦ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦਾ ਰੈਵੀਨਿਊ ਵੀ ਵਧਿਆ ਹੈ ਜੋ ਗੈਂਗਸਟਰਾਂ ਦੀ ਨਜ਼ਰਾਂ ਤੋਂ ਨਹੀਂ ਲੁਕਿਆ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ।
ਬੌਲੀਵੁੱਡ ਤੇ ਅੰਡਰਵਰਲਡ ਦਾ ਲਿੰਕ: ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਬੌਲੀਵੁੱਡ ਵਿੱਚ ਅੰਡਰਵਰਲਡ ਦੀ ਸ਼ਮੂਲੀਅਤ ਬਹੁਤ ਵੱਡੀ ਰਹੀ ਹੈ। 90 ਦੇ ਦਹਾਕੇ ਅੰਦਰ ਬੌਲੀਵੁੱਡ ਫ਼ਿਲਮਾਂ ਦੇ ਵਿੱਚ ਅੰਡਰਵਰਲਡ ਦਾ ਪੈਸਾ ਲੱਗਦਾ ਹੈ ਇਸ ਦੀਆਂ ਵੀ ਕਈ ਰਿਪੋਰਟਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਇੰਨਾ ਹੀ ਨਹੀਂ ਬੌਲੀਵੁੱਡ ਦੇ ਅਦਾਕਾਰਾਂ ਦੇ ਅੰਡਰਵਰਲਡ ਦੇ ਦੋਨਾਂ ਨਾਲ ਲਿੰਕ ਵੀ ਉਜਾਗਰ ਹੁੰਦੇ ਰਹੇ ਹਨ। ਇਨ੍ਹਾਂ ਹੀ ਨਹੀਂ ਬਾਲੀਵੁੱਡ ਦੇ ਵਿੱਚ ਅੰਡਰਵਰਲਡ ਦਾ ਪ੍ਰਭਾਵ ਇੰਨਾ ਸੀ ਕਿ ਅਬੂ ਸਲੀਮ ਵਰਗਿਆਂ ਗੈਂਗਸਟਰਾਂ ਦੇ ਪੈਸੇ ਬੌਲੀਵੁੱਡ ਫ਼ਿਲਮਾਂ ਅਤੇ ਕਲਾਕਾਰਾਂ ’ਤੇ ਲੱਗਦੇ ਸਨ। ਇਸ ਬਾਰੇ ਵੀ ਖ਼ਬਰਾਂ ਆਉਂਦੀਆਂ ਰਹੀਆਂ ਅਤੇ ਕਈ ਵੱਡੇ ਸਿਤਾਰਿਆਂ ਨੇ ਇਹ ਗੱਲਾਂ ਟੀ ਵੀ ਇੰਟਰਵਿਊ ਵਿਚ ਖੁਦ ਦੀ ਕਬੂਲ ਕੀਤੀਆਂ ਹਨ। ਇੱਥੋਂ ਤੱਕ ਕਿ ਬੌਲੀਵੁੱਡ ਦੇ ਵੱਡੇ-ਵੱਡੇ ਅਦਾਕਾਰਾਂ ਦੇ ਗੈਂਗਸਟਰਾਂ ਦੇ ਨਾਲ ਲਿੰਕ ਰਹੇ ਹਨ। ਇਸ ਬਾਰੇ ਵੀ ਕਈ ਵਾਰ ਚਰਚਾ ਹੁੰਦੀ ਰਹੀ ਹੈ। ਇੱਥੋਂ ਤੱਕ ਕਿ ਸੰਜੇ ਦੱਤ ਨੂੰ 90ਵਿਆਂ ਦੇ ਦਹਾਕੇ ਵਿੱਚ ਗ਼ੈਰਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ਵਿੱਚ ਮਾਮਲਾ ਵੀ ਦਰਜ ਹੋਇਆ ਸੀ ਅਤੇ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਸੀ। ਹਾਲਾਂਕਿ ਸਮਾਂ ਬਦਲਣ ਦੇ ਨਾਲ ਅੰਡਰਵਰਲਡ ਦੀ ਸ਼ਮੂਲੀਅਤ ਹੁਣ ਬੌਲੀਵੁੱਡ ਵਿੱਚ ਕਿੰਨੀ ਰਹਿੰਦੀ ਹੈ ਇਹ ਕਹਿਣਾ ਕਾਫ਼ੀ ਮੁਸ਼ਕਿਲ ਹੋਵੇਗਾ ਪਰ ਕੋਈ ਸਮਾਂ ਸੀ ਜਦੋਂ ਅੰਡਰਵਰਲਡ ਅਤੇ ਬੌਲੀਵੁੱਡ ਦੇ ਲਿੰਕ ਅਕਸਰ ਸਾਹਮਣੇ ਆਉਂਦੇ ਰਹਿੰਦੇ ਸਨ।
ਪੌਲੀਵੁੱਡ ਵਿੱਚ ਗੈਂਗਸਟਰਾਂ ਦੀ ਸ਼ਮੂਲੀਅਤ: ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬੀ ਫਿਲਮਾਂ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਹੁਣ ਵਿਸ਼ਵ ਪੱਧਰ ’ਤੇ ਛਾਈ ਹੋਈ ਹੈ। ਹੁਣ ਪੰਜਾਬੀ ਫ਼ਿਲਮਾਂ ਅਤੇ ਮਿਊਜ਼ਿਕ ਨੂੰ ਨਾ ਸਿਰਫ ਪੰਜਾਬ ਵਿੱਚ ਸਗੋਂ ਪੂਰੇ ਵਿਸ਼ਵ ’ਚ ਪਸੰਦ ਕੀਤਾ ਜਾਂਦਾ ਹੈ। ਬੌਲੀਵੁੱਡ ਵਿੱਚ ਕੋਈ ਫ਼ਿਲਮ ਅਜਿਹੀ ਨਹੀਂ ਜਿਸ ਵਿੱਚ ਕੋਈ ਪੰਜਾਬੀ ਗਾਣਾ ਨਾ ਹੋਵੇ ਜਾਂ ਫਿਰ ਕਿਸੇ ਪੰਜਾਬੀ ਗਾਣੇ ਨੂੰ ਰੀਮਿਕਸ ਕਰਕੇ ਵਰਤਿਆ ਨਾ ਗਿਆ ਹੋਵੇ। ਵਧਦੀ ਫੁੱਲਦੀ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ’ਤੇ ਹੁਣ ਪੰਜਾਬ ਦੇ ਗੈਂਗਸਟਰਾਂ ਦੀ ਵੀ ਅੱਖ ਹੈ। ਮਾਮਲਾ ਉਦੋਂ ਉਜਾਗਰ ਹੋਇਆ ਜਦੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਡਾਇਰੈਕਟਰ ਅਤੇ ਗਾਇਕ ਪਰਮੀਸ਼ ਵਰਮਾ ’ਤੇ ਗੋਲੀ ਚਲਾ ਦਿੱਤੀ ਗਈ ਸੀ ਇੱਥੋਂ ਤੱਕ ਕਿ ਗਿੱਪੀ ਗਰੇਵਾਲ ਨੂੰ ਵੀ ਧਮਕੀਆਂ ਮਿਲੀਆਂ ਸਨ ਅਤੇ ਹੁਣ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਵੀ ਉਸ ਨੂੰ ਧਮਕੀਆਂ ਮਿਲ ਰਹੀਆਂ ਸਨ ਜਿਸ ਕਰਕੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਖੌਫ਼ ਦਾ ਮਾਹੌਲ ਹੈ।
ਪੰਜਾਬੀ ਗਾਇਕਾਂ ਨੂੰ ਮਿਲੀਆਂ ਧਮਕੀਆਂ: ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਸਬੰਧਤ ਕਈ ਗਾਇਕਾਂ ਨੂੰ ਹੁਣ ਤੱਕ ਧਮਕੀਆਂ ਮਿਲ ਚੁੱਕੀਆਂ ਹਨ। ਇੱਥੋਂ ਤੱਕ ਕਿ ਕਈਆਂ ’ਤੇ ਹਮਲੇ ਤੱਕ ਹੋ ਚੁੱਕੇ ਹਨ। ਪਰਮੀਸ਼ ਵਰਮਾ ’ਤੇ ਮੁਹਾਲੀ ਵਿੱਚ ਫਾਇਰਿੰਗ ਹੋਈ ਸੀ ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਲਈ ਸੀ। ਇੱਥੋਂ ਤੱਕ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਸਨ ਉਸ ਤੋਂ ਵੀ ਫਿਰੌਤੀ ਵਸੂਲੀ ਗਈ ਸੀ ਹਾਲਾਂਕਿ ਉਨ੍ਹਾਂ ਨੇ ਕਦੇ ਇਸ ਗੱਲ ਨੂੰ ਕਬੂਲ ਨਹੀਂ ਕੀਤਾ।
ਇੱਥੋਂ ਤੱਕ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਵੀ ਕੁੱਝ ਦਿਨ ਪਹਿਲਾਂ ਧਮਕੀ ਮਿਲੀ ਸੀ। ਬੀਤੇ ਦਿਨੀਂ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦਾ ਗੈਂਗਸਟਰਾਂ ਵੱਲੋਂ ਕਤਲ ਕਰਨ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਸੀ ਅਤੇ ਬੰਬੀਹਾ ਗਰੁੱਪ ਨੇ ਇਹ ਦਾਅਵਾ ਵੀ ਕੀਤਾ ਕਿ ਮਨਕੀਰਤ ਔਲਖ ਕੁਝ ਸਮਾਂ ਪਹਿਲਾਂ ਹੀ ਨਿਕਲ ਗਿਆ ਨਹੀਂ ਤਾਂ ਉਹ ਜਿਉਂਦਾ ਨਹੀਂ ਹੁੰਦਾ। ਓਧਰ ਲਾਰੈਂਸ ਬਿਸ਼ਨੋਈ ਗਰੁੱਪ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਲਾਰੈਂਸ ਤਿਹਾੜ ਜੇਲ੍ਹ ਵਿੱਚ ਬੰਦ ਹੈ ਪਹਿਲਾਂ ਕੈਨੇਡਾ ਦੇ ਵਿੱਚ ਬੈਠੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਜਿਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਿੱਡੂਖੇੜਾ ਦੇ ਕਤਲ ਦਾ ਬਦਲਾ ਲਿਆ ਗਿਆ ਹੈ। ਇੱਥੋਂ ਤੱਕ ਕੇ 90 ਦੇ ਦਹਾਕੇ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 8 ਮਾਰਚ 1988 ਵਿੱਚ ਉਹ ਆਪਣੀ ਪਤਨੀ ਨਾਲ ਜਾ ਰਹੇ ਸਨ ਜਦੋਂ ਉਸ ਦਾ ਕਤਲ ਕੀਤਾ। ਉਸ ਗੁੱਥੀ ਵੀ ਅੱਜ ਤੱਕ ਨਹੀਂ ਸੁਲਝਾ ਸਕੀ।
ਗਾਇਕਾਂ ਅਤੇ ਅਦਾਕਾਰਾਂ ਤੋਂ ਫਿਰੌਤੀ ਵਸੂਲੀ: ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਹੁਣ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਨੂੰ ਗੈਂਗਸਟਰ ਫੋਨ ’ਤੇ ਧਮਕੀਆਂ ਦੇ ਕੇ ਉਨ੍ਹਾਂ ਕੋਲੋਂ ਫਿਰੌਤੀਆਂ ਵਸੂਲ ਦੇ ਹਨ। ਇਸ ਦੀਆਂ ਕਈ ਉਦਾਹਰਨਾਂ ਵੀ ਹਨ ਅਤੇ ਕਈ ਗਾਇਕ ਅਤੇ ਕਲਾਕਾਰ ਇਸ ਨੂੰ ਖੁਦ ਮੰਨ ਚੁੱਕੇ ਹਨ। ਧਾਰਮਿਕ ਅਤੇ ਰਾਜਨੀਤਿਕ ਲੀਡਰਾਂ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਵੱਲੋਂ ਜੁਰਮ ਦੇ ਰਾਹ ਵੱਲ ਤੁਰਨ ਨੂੰ ਬੇਰੁਜ਼ਗਾਰੀ ਅਤੇ ਨਸ਼ੇ ਨੂੰ ਇੱਕ ਵੱਡਾ ਕਾਰਨ ਦੱਸਿਆ ਹੈ।
ਸਿਆਸੀ ਤੇ ਸਮਾਜ ਸੇਵੀ ਲੋਕਾਂ ਦੇ ਪ੍ਰਤੀਕਰਮ: ਮਾਲਵਾ ਸੱਭਿਆਚਾਰਕ ਮੰਚ ਦੇ ਸਰਪ੍ਰਸਤ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਇਸ ਤਰ੍ਹਾਂ ਨੌਜਵਾਨਾਂ ਦਾ ਚਲੇ ਜਾਣਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡਾ ਸੱਭਿਆਚਾਰ ਸਾਨੂੰ ਕਦੇ ਵੀ ਨਹੀਂ ਸਿਖਾਉਂਦਾ ਪਰ ਅੱਜ ਦੇ ਸਮੇਂ ਵਿੱਚ ਪੰਜਾਬ ਦੀ ਜਵਾਨੀ ਗਲਤ ਰਾਹ ਵੱਲ ਤੁਰੀ ਹੋਈ ਹੈ ਜਿਸਨੂੰ ਮੋੜਨਾ ਬੇਹੱਦ ਜ਼ਰੂਰੀ ਹੈ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਕਿਹਾ ਕਿ ਸਾਡੇ ਗੁਰੂਆਂ ਪੀਰਾਂ ਨੇ ਹਥਿਆਰਾਂ ਦੀ ਵਰਤੋਂ ਆਪਣੀ ਰੱਖਿਆ ਲਈ ਕਰਨੀ ਸਿਖਾਈ ਸੀ ਪਰ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹਨ ਪੰਜਾਬ ਕਦੇ ਵੀ ਅਜਿਹਾ ਨਹੀਂ ਸੀ। ਉਨ੍ਹਾਂ ਨੌਜਵਾਨਾਂ ਨੂੰ ਇਸ ਰਾਹ ਤੇ ਨਾ ਚੱਲਣ ਲਈ ਕਿਹਾ ਹੈ। ਦੂਜੇ ਪਾਸੇ ਭਾਜਪਾ ਦੇ ਜੀਵਨ ਗੁਪਤਾ ਨੇ ਵੀ ਕਿਹਾ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਨਸ਼ਾ ਜੁਰਮ ਨੂੰ ਪਨਾਹ ਦੇ ਰਿਹਾ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵੀ ਨਿਸ਼ਾਨੇ ਵਿੰਨ੍ਹੇ ਹਨ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਤਲ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ! ਕਿਵੇਂ ਜੇਲ੍ਹ ਤੋਂ ਚਲਾ ਰਿਹਾ 600 ਸ਼ਾਰਪ ਸ਼ੂਟਰਾਂ ਦਾ ਗੈਂਗ ?