ਚੰਡੀਗੜ੍ਹ: ਟਰਾਂਸਪੋਰਟ ਮੰਤਰੀ ਬਣਨ ਮਗਰੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਸਭ ਤੋਂ ਵੱਧ ਸਰਗਰਮ ਹੋਏ ਹਨ। ਉਹ ਦਫਤਰ ਵਿੱਚ ਬੈਠਣ ਦੀ ਬਜਾਇ ਉਹ ਬੱਸ ਅੱਡਿਆਂ ਦਾ ਨਰੀਖਣ ਕਰ ਰਹੇ ਹਨ ਤੇ ਬੱਸਾਂ ਵਿੱਚ ਸਵਾਰ ਹੋ ਲੋਕਾਂ ਕੋਲੋਂ ਮੁਸ਼ਕਲਾਂ ਜਾਣ ਰਹੇ ਹਨ। ਟਰਾਂਸਪੋਰਟ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਮੰਤਰੀ ਨੇ ਹੁਣ ਤੱਕ ਗ਼ੈਰ-ਕਾਨੂੰਨੀ ਕਾਰਵਾਈ ਵਿੱਚ ਫਸੀਆਂ 175 ਦੇ ਕਰੀਬ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਸਰਕਾਰੀ ਸੂਤਰਾਂ ਮੁਤਾਬਕ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਪ੍ਰਾਈਵੇਟ ਬੱਸ ਕੰਪਨੀਆਂ ਦੀ ਟੈਕਸ ਚੋਰੀ ਤੇ ਇੱਕ ਪਰਮਿਟ 'ਤੇ ਇੱਕ ਤੋਂ ਵੱਧ ਬੱਸਾਂ ਚਲਾਉਣ ਦੇ ਮਾਮਲੇ 'ਚ ਕੀਤੀ ਗਈ ਸਖ਼ਤੀ ਮਗਰੋਂ ਹੁਣ ਪੰਜਾਬ ਰੋਡਵੇਜ਼ ਦੀ ਰੋਜ਼ਾਨਾ ਆਮਦਨ ਵਿੱਚ 40 ਲੱਖ ਰੁਪਏ ਦਾ ਵਾਧਾ (Profit of 40 Lakh Recorded) ਦਰਜ ਹੋਇਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਕਰੋਨਾ ਕਾਲ ਦੌਰਾਨ ਬੱਸ ਮਾਲਕਾਂ ਨੂੰ ਰਾਹਤ ਲਈ 100 ਕਰੋੜ ਰੁਪਏ ਟੈਕਸ ਦੀ ਮੁਆਫੀ ਦਿੱਤੀ ਸੀ, ਪਰ ਬਹੁਤੇ ਮਾਲਕਾਂ ਨੇ ਇਸ ਤੋਂ ਬਾਅਦ ਵੀ ਟੈਕਸ ਨਹੀਂ ਭਰਿਆ, ਹਾਲਾਂਕਿ ਉਨ੍ਹਾਂ ਦੀਆਂ ਬੱਸਾਂ ਲਗਾਤਾਰ ਸਵਾਰੀਆਂ ਢੋਅ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਤੱਕ ਗ਼ੈਰ-ਕਾਨੂੰਨੀ ਕਾਰਵਾਈ ਵਿੱਚ ਫਸੀਆਂ 175 ਦੇ ਕਰੀਬ ਬੱਸਾਂ ਬੰਦ (175 Buses Impounded) ਕਰ ਦਿੱਤੀਆਂ ਗਈਆਂ ਹਨ ਤੇ ਸਿਲਸਿਲਾ ਅੱਗੇ ਵੀ ਜਾਰੀ ਹੈ।ਦੱਸ ਦਈਏ ਕਿ ਪੰਜਾਬ ਦਾ ਇੱਕ ਵੱਡਾ ਮੁੱਦਾ ਟਰਾਂਸਪੋਰਟ ਮਾਫੀਆ (Transport Mafia) ਹੈ। ਇਸ ਮੁੱਦੇ ਨੂੰ ਲੈ ਕੇ ਲਗਾਤਾਰ ਸਰਕਾਰ ਉੱਪਰ ਸਵਾਲ ਉੱਠਦੇ ਰਹੇ ਹਨ। ਇੱਥੋਂ ਤੱਕ ਰੋਡਵੇਜ਼ ਯੂਨੀਅਨਾਂ (Roadways Unions) ਵੀ ਸਰਕਾਰ ਨੂੰ ਘੇਰਦੀਆਂ ਰਹੀਆਂ ਹਨ ਕਿਉਂਕਿ ਜ਼ਿਆਦਾਤਰ ਪ੍ਰਾਈਵੇਟ ਕੰਪਨੀਆਂ ਸਿਆਸੀ ਲੀਡਰਾਂ ਦੀਆਂ ਹੀ ਹਨ। ਇਹ ਗੱਲ ਸਪਸ਼ਟ ਹੋ ਚੁੱਕੀ ਸੀ ਕਿ ਇੱਕ-ਇੱਕ ਪਰਮਿਟ ਉੱਪਰ ਕਈ-ਕਈ ਬੱਸਾਂ ਚੱਲ ਰਹੀਆਂ ਹਨ। ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਸੀ।