ਚੰਡੀਗੜ੍ਹ: ਸੂਬੇ ‘ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ।ਕੋਰੋਨਾ ਦੇ ਫੈਲਾਅ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਵਲੋਂ ਸਾਰੇ ਜ਼ਿਲ੍ਹਿਆਂ ਦੇ ਐੱਸਐੱਸਪੀ ਨੂੰ ਸਖਤੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਉਨਾਂ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹੈ ਕਿ ਬਿਨਾਂ ਪਾਸ ਤੋਂ ਆਪਣੇ ਵਾਹਨ ਲੈ ਕੇ ਬਾਹਰ ਨਿਕਲਣ ਵਾਲੇ ਲੋਕਾਂ ਦੇ ਵਾਹਨਾਂ ਨੂੰ ਜਬਤ ਕੀਤਾ ਜਾਵੇ ਤੇ ਲੋਕਾਂ ਨੂੰ ਓਪਨ ਜੇਲ੍ਹ ‘ਚ ਰੱਖਿਆ ਜਾਵੇ। ਉਨਾਂ ਨਾਲ ਹੀ ਪ੍ਰਾਈਵੇਟ ਅਦਾਰਿਆਂ ਸਬੰਧੀ ਵੀ ਹਦਾਇਤ ਕੀਤੀ ਹੈ ਕਿ ਵਰਕ ਫਰੋਮ ਹੋਮ ਕੀਤਾ ਜਾਵੇ।
ਇਸਦੇ ਨਾਲ ਹੀ ਡੀਜੀਪੀ ਨੇ ਕਿਹੈ ਕਿ ਜਿੱਥੇ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਹਨ ਉਨ੍ਹਾਂ ਥਾਵਾਂ ਤੇ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਜਾਵੇ।ਉਨਾਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਹਦਾਇਤ ਕੀਤੀ ਹੈ ਕਿ ਜੇਕਰ ਕਿਸੇ ਵੀ ਸਥਾਨ ਤੇ ਉਲੰਘਣਾ ਹੁੰਦੀ ਹੈ ਤਾਂ ਇਸਦੀ ਜ਼ਿੰਮੇਵਾਰੀ ਸਬੰਧਿਤ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਡੀਜੀਪੀ ਵਲੋਂ ਇਹ ਹੁਕਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਾਰੀ ਕੀਤੇ ਗਏ ਹਨ।