ਚੰਡੀਗੜ੍ਹ: ਸੰਗਰੂਰ 'ਚ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਅੱਗੇ ਅਸਾਮੀਆਂ ਦੀ ਗਿਣਤੀ ਵਧਾਉਣ ਲਈ ਉਚਿੱਤ ਸਮਾਜਿਕ ਦੂਰੀ ਰੱਖ ਅਤੇ ਮਾਸਕ ਪਹਿਨ ਕੇ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਡੀਪੀਈ ਅਧਿਆਪਕਾਂ 'ਤੇ ਕੋਰੋਨਾ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਦਾ ਕੇਸ ਦਰਜ ਕੀਤੇ ਜਾਣ ਨੂੰ ਆਮ ਆਦਮੀ ਪਾਰਟੀ (ਆਪ) ਨੇ ਬੇਹੱਦ ਘਟੀਆ ਅਤੇ ਹਲਕੀ ਹਰਕਤ ਕਰਾਰ ਦਿੰਦੇ ਹੋਏ ਕੈਪਟਨ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
'ਆਪ' ਬੁਲਾਰੇ ਮਾਸਟਰ ਬਲਦੇਵ ਸਿੰਘ ਨੇ ਦੋਸ਼ ਲਗਾਇਆ ਕਿ ਪੜ੍ਹੇ-ਲਿਖੇ ਯੋਗ ਨੌਜਵਾਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਘਰ-ਘਰ ਸਰਕਾਰੀ ਨੌਕਰੀ ਵਾਲਾ ਚੋਣ ਵਾਅਦਾ ਨਿਭਾਉਣ ਦੀ ਥਾਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਬਹੁਤ ਹੀ ਹੋਛੀ ਅਤੇ ਘਟੀਆ ਪੰਥੀ 'ਤੇ ਉੱਤਰ ਆਏ ਹਨ।
ਸਿੱਖਿਆ ਮੰਤਰੀ ਆਪਣੇ ਸ਼ਹਿਰ (ਸੰਗਰੂਰ) 'ਚ ਇੱਕ ਪਾਸੇ ਉਚਿੱਤ ਸਮਾਜਿਕ ਦੂਰੀ ਬਣਾ ਅਤੇ ਮਾਸਕ ਪਾ ਕੇ ਰੋਸ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਉੱਤੇ ਕੋਰੋਨਾ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਦਾ ਕੇਸ ਦਰਜ ਕਰਵਾ ਰਹੇ ਹਨ, ਦੂਜੇ ਪਾਸੇ ਬਗ਼ੈਰ ਮਾਸਕ ਅਤੇ ਸਮਾਜਿਕ ਦੂਰੀ ਦੇ ਨੇਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਸੰਗਰੂਰ 'ਚ ਹੀ ਕੇਂਦਰ ਵਿਰੁੱਧ ਰੋਸ ਮੁਜ਼ਾਹਰੇ ਦਾ ਡਰਾਮਾ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ਕੋਰੋਨਾ ਸੰਬੰਧੀ ਨਿਯਮਾਂ ਤੋਂ ਪੂਰੀ ਛੋਟ ਦਿੱਤੀ ਗਈ ਅਤੇ ਉਨ੍ਹਾਂ ਵਿਰੁੱਧ ਕੋਈ ਕੇਸ ਦਰਜ ਨਹੀਂ ਹੁੰਦਾ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ 'ਆਪਣਿਆਂ' ਅਤੇ ਆਮ ਜਨਤਾ ਲਈ ਦੋਹਰੇ ਮਾਪਦੰਡਾਂ ਵਾਲੇ ਕਾਨੂੰਨ ਬਣਾ ਰੱਖੇ ਹਨ। ਲੋਕਤੰਤਰ 'ਚ ਅਜਿਹੀ ਪੱਖਪਾਤੀ ਵਿਵਸਥਾ ਨੂੰ ਹੀ ਜੰਗਲਰਾਜ ਕਿਹਾ ਜਾਂਦਾ ਹੈ, ਜੋ ਪੰਜਾਬ 'ਚ ਇਸ ਸਮੇਂ ਚੱਲ ਰਿਹਾ ਹੈ।
ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮਹਿਕਮੇ ਨੂੰ ਵਿਜੇ ਇੰਦਰ ਸਿੰਗਲਾ ਵਰਗਾ ਖੁੰਧਕੀ ਅਤੇ ਖੁਰਾਫਾਤੀ ਸਿੱਖਿਆ ਮੰਤਰੀ ਨਹੀਂ ਸਗੋਂ ਇੱਕ ਸਮਝਦਾਰ ਅਤੇ ਸੁਹਿਰਦ ਸਿੱਖਿਆ ਮੰਤਰੀ ਚਾਹੀਦਾ ਹੈ, ਜੋ ਨਿੱਘਰਦੀ ਜਾ ਰਹੀ ਸਕੂਲ ਸਿੱਖਿਆ ਨੂੰ ਮੁੜ ਲੀਹ 'ਤੇ ਲਿਆਉਣ ਦੇ ਸਮਰੱਥ ਹੋਵੇ।
'ਆਪ' ਆਗੂਆਂ ਨੇ ਅਧਿਆਪਕਾਂ 'ਤੇ ਦਰਜ ਕੀਤੇ ਕੇਸ ਰੱਦ ਕਰਨ ਅਤੇ ਸਿੰਗਲਾ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਵਿਜੇ ਇੰਦਰ ਸਿੰਗਲਾ ਨੂੰ ਹੁਣ ਤੱਕ ਦਾ ਸਭ ਤੋਂ ਨਿਕੰਮਾ, ਨਖਿੱਧ ਅਤੇ ਨਾਕਾਬਲ ਸਿੱਖਿਆ ਮੰਤਰੀ ਕਰਾਰ ਦਿੱਤਾ।