ਚੰਡੀਗੜ੍ਹ: ਦੇਸ਼ ਭਰ ਵਿੱਚ ਤਕਰੀਬਨ 7 ਮਹੀਨਿਆਂ ਬਾਅਦ ਸਿਨੇਮਾ ਘਰ ਅਤੇ ਮਲਟੀਪਲੈਕਸ ਖੁੱਲ੍ਹ ਰਹੇ ਹਨ, ਅਜਿਹੇ ਵਿੱਚ ਸਿਨੇਮਾ ਘਰਾਂ ਅਤੇ ਮਲਟੀਪਲੈਕਸਾਂ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਸਰਕਾਰ ਦੇ ਸਿਨੇਮਾ ਘਰਾਂ ਅਤੇ ਮਲਟੀਪਲੈਕਸਾਂ ਨੂੰ ਖੋਲ੍ਹਣ ਦੇ ਹੁਕਮਾਂ ਤੋਂ ਬਾਅਦ ਚੰਡੀਗੜ੍ਹ ਦੇ ਸਿਨੇਮਾ ਘਰਾਂ ਅਤੇ ਪੀਵੀਆਰ ਦੇ ਮਾਲਕਾਂ ਵੱਲੋਂ ਫ਼ਿਲਮਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਪਰ ਸਿਨੇਮਾ ਘਰਾਂ ਦੇ ਮਾਲਕਾਂ ਅਤੇ ਦਰਸ਼ਕਾਂ ਲਈ ਸਰਕਾਰੀ ਵੱਲੋਂ ਕੁੱਝ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ, ਜਿਵੇਂ ਕਿ
- ਆਰੋਗੀਆ ਸੇਤੂ ਐਪ ਦੀ ਮੋਬਾਈਲ ਵਿੱਚ ਉਪਲੱਭਤਾ
- ਮਾਸਕ ਪਾਉਣਾ ਜ਼ਰੂਰੀ ਹੈ
- ਜੇਬ ਵਿੱਚ ਸੈਨੇਟਾਈਜ਼ਰ ਵੀ ਲਾਜ਼ਮੀ
- ਸੀਟ ਸਰਵਿਸ ਨਹੀਂ ਮਿਲੇਗੀ ਖਾਣਾ ਪੈਕਟਾਂ 'ਚ ਮਿਲੇਗਾ
ਸਿਨੇਮਾ ਘਰ ਦੇ ਮਾਲਕ ਰਾਜ ਜੁਨੇਜਾ ਨੇ ਦੱਸਿਆ ਕਿ ਲਗਭਗ ਸੱਤ ਮਹੀਨਿਆਂ ਬਾਅਦ ਹੁਣ ਸਿਨੇਮਾ ਖੁੱਲ੍ਹੇ ਹਨ ਤਾਂ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਨਾ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਹਾਲੇ ਪੁਰਾਣੀਆਂ ਫ਼ਿਲਮਾਂ ਹੀ ਵਿਖਾਈਆਂ ਜਾ ਰਹੀਆਂ ਹਨ ਤੇ ਉਮੀਦ ਹੈ ਅਗਲੇ ਹਫ਼ਤੇ ਤੋਂ ਨਵੀਆਂ ਫਿਲਮਾਂ ਵੀ ਵੇਖਣ ਨੂੰ ਮਿਲਣਗੀਆਂ।
ਉਨ੍ਹਾਂ ਨੇ ਦੱਸਿਆ ਕਿ ਪੰਜਾਬੀ ਫ਼ਿਲਮ ਇੰਡਸਟਰੀ ਨੂੰ 7 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਅਤੇ ਹੁਣ ਅਗਰ ਫ਼ਿਲਮਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਜਲਦ ਹੀ ਦਰਸ਼ਕਾਂ ਨੂੰ ਨਵੀਂਆਂ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ।
ਉੱਥੇ ਹੀ ਫ਼ਿਲਮ ਵੇਖਣ ਆਏ ਸਿਮਰਨ, ਬਬਲੀ ਤੇ ਧੀਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਫ਼ੀ ਸਮਾਂ ਬਾਅਦ ਸਿਨੇਮਾ ਘਰ ਆ ਕੇ ਫ਼ਿਲਮ ਦੇਖਣਾ ਬਹੁਤ ਚੰਗਾ ਲੱਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਫ਼ਿਲਮਾਂ ਪੁਰਾਣੀਆਂ ਸਨ ਪਰ ਵੱਡਾ ਸਿਨੇਮਾ ਦੇਖ ਕੇ ਵਧੀਆ ਲੱਗ ਰਿਹਾ ਹੈ।